Change color / Set Jagookhalsa.com your Homepage      
Set as Homepage                  

 
Articles


  
ਸੰਤ ਜਰਨੈਲ਼ ਸਿੰਘ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਕਿਵੇਂ ਐਲਾਨਿਆ ਗਿਆ ?-ਪ੍ਰਿਥੀਪਾਲ ਸਿੰਘ ਸੰਧੂ              print

     7 JUN 2013    
 


ਸੰਤ ਜਰਨੈਲ਼ ਸਿੰਘ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਕਿਵੇਂ ਐਲਾਨਿਆ ਗਿਆ?
ਪ੍ਰਿਥੀਪਾਲ ਸਿੰਘ ਸੰਧੂ
ਸਾਬਕਾ ਨਿਜੀ ਸਹਾਇਕ ਜੱਥੇਦਾਰ ਅਕਾਲ ਤਖਤ ਸਾਹਿਬ
ਮੋਬਾਇਲ 98149 49749
ਤੀਜੇ ਘੱਲੂਘਾਰੇ ਦੀ 29ਵੀਂ ਵਰੇਗੰਢ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ 29ਵਾਂ ਸ਼ਹੀਦੀ ਦਿਹਾੜਾ ਕੌਮ 6 ਜੂਨ 2013 ਨੂੰ ਮਨਾ ਰਹੀ ਹੈ। ਸੰਤ ਜਰਨੈਲ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿੱਖ ਇਤਿਹਾਸ ਵਿਚ ਕਦੇਂ ਵੀ ਮਨਫੀ ਨਹੀ ਕੀਤਾ ਜਾ ਸਕਦਾ। 29 ਸਾਲ ਪਹਿਲਾਂ ਵਾਪਰੇ ਦੁਨੀਆ ਦੇ ਸਭ ਤੋਂ ਦੁਖਦਾਈ ਕਾਂਡ ਵਿਚ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਐਲਾਨਣ ਵਿਚ 19 ਸਾਲ ਕਿਵੇਂ ਲੱਗ ਗਏ? ਲਗਭਗ ਦੋ ਦਹਾਕਿਆਂ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਕੌਮੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਸ਼ਹੀਦ ਐਲਾਨਣ ਦਾ ਸਮਾਂ ਕਿਉਂ ਲੱਗਾ? ਇਹ ਗੱਲ ਹਰ ਕੌਮ ਪ੍ਰਸਤ ਸਿੱਖਾਂ ਦੇ ਮਨਾਂ ਵਿਚ ਹਮੇਸ਼ਾ ਰੜਕਦੀ ਰਹੇਗੀ।

29 ਸਾਲ ਪਹਿਲਾਂ ਦੇਸ਼ ਦੀ ਕਾਂਗਰਸੀ ਹਕੂਮਤ ਨੇ ਹੱਕੀ ਅਤੇ ਵਾਜਬ ਮੰਗਾਂ ਦੀ ਪ੍ਰਾਪਤੀ ਲਈ ਜੂਝ ਰਹੇ ਪੰਜਾਬੀਆਂ ਦੀ ਅਵਾਜ਼ ਬੰਦ ਕਰਨ ਲਈ ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਨੂੰ ਸਬਕ ਸਿਖਾਉਣ ਲਈ ਹਥਿਆਰਬੰਦ ਫੌਜਾਂ ਰਾਹੀ ਸਿੱਖਾਂ ਦੇ ਰੂਹਾਨੀਅਤ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਅਤੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਂਹ ਵਲੋਂ ਸਿਰਜੇ ਸਿੱਖੀ ਸਿਧਾਂਤਾ ਦੇ ਅਲੰਬਰਦਾਰ ਭਗਤੀ-ਸ਼ਕਤੀ ਦੇ ਸ੍ਰੋਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਘੇਰਾਬੰਦੀ ਕਰਕੇ ਤੋਪਾਂ-ਟੈਂਕਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਦੌਰਾਨ ਬੇਗੁਨਾਹ ਸਿੱਖਾਂ ਦੇ ਕੀਤੇ ਕਤਲੇਆਂਮ ਦੀ ਦੁਨੀਆ ਦੇ ਇਤਿਹਾਸ ਵਿਚ ਘਿਣਾਉਣੀ ਮਿਸਾਲ ਨਹੀਂ ਮਿਲਦੀ।

20ਵੀਂ ਸਦੀ ਦੇ ਯੁੱਗ-ਪੁਰਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਹਜ਼ਾਰਾਂ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤ ਦੇ ਜਾਮ ਪੀ ਕੇ ਅਜਿਹਾ ਇਤਿਹਾਸ ਸਿਰਜਿਆ, ਜਿਸ ਤੇ ਵਿਸ਼ਵ ਵਿਚ ਵੱਸਦੇ ਸਿੱਖ ਮਾਣ ਹੀ ਨਹੀ ਕਰਦੇ ਸਗੋਂ ਸਿਰ ਉੱਚਾ ਉਠਾ ਕੇ ਜੀਅ ਰਹੇ ਹਨ। ਜੇ ਸੰਤ ਜਰਨੈਲ ਸਿੰਘ ਜੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹੋ ਰਹੀ ਬੇਅਦਬੀ ਤੋਂ ਬੇਮੁੱਖ ਹੋ ਕੇ ਭਾਰਤੀ ਫੌਜ ਸਾਹਮਣੇ ਹੱਥ ਖੜੇ ਕਰਕੇ ਆਪਣੀ ਜਾਨ ਦੀ ਖੈਰ ਮੰਗ ਕੇ ਬਾਹਰ ਆ ਜਾਂਦੇ ਤਾਂ ਇਤਿਹਾਸ ਵਿਚ ਸਾਡੇ ਪੁਰਖਿਆਂ ਵਲੋਂ ਪਾਈਆਂ ਪੈੜਾਂ 'ਤੇ ਅਜਿਹਾ ਬਦਨੁਮਾ ਧੱਬਾ ਲੱਗ ਜਾਂਦਾ ਜਿਸਦਾ ਅੰਜ਼ਾਮ ਕੌਮ ਨੂੰ ਕਈ ਸਦੀਆਂ ਭੁਗਤਣਾ ਪੈਂਦਾ।

ਸੰਨ 2000 ਤੱਕ 6 ਜੂਨ ਦਾ ਇਤਿਹਾਸਕ ਦਿਹਾੜਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਸਮੀ ਤੌਰ 'ਤੇ ਹੀ ਮਨਾਇਆ ਜਾਂਦਾ ਰਿਹਾ ਹੈ। ਸ੍ਰੋਮਣੀ ਕਮੇਟੀ ਵਲੋਂ 6 ਜੂਨ ਦੇ ਇਸ ਸਮਾਗਮ ਲਈ ਕੁਝ ਵਿਸ਼ੇਸ਼ ਉਪਰਾਲੇ ਕਰਨ ਦੀ ਬਜਾਇ ਸਮਾਗਮ ਵਿਚ ਹਾਜਰੀ ਸੀਮਿਤ ਰੱਖੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਸੰਨ 2001 ਵਿਚ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਪੰਥਕ ਧਿਰਾਂ ਨਾਲ ਸੋਚ-ਵਿਚਾਰ ਕਰਕੇ ਫੈਸਲਾ ਕੀਤਾ ਕਿ ਐਤਕੀਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਦਾ ਘੱਲੂਘਾਰਾ ਦਿਵਸ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੀ ਇਕ ਧਿਰ ਵਲੋਂ ਅੜਿਚਨਾਂ ਪਾਏ ਜਾਣ ਦੇ ਬਾਵਜੂਦ ਪੰਥਕ ਧਿਰਾਂ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਆਯੋਜਿਤ ਕੀਤੇ ਜਾ ਰਹੇ ਸਮਾਗਮ ਸਮੇਂ ਸਿੱਖ ਸੰਗਤਾਂ ਪੂਰੀ ਸ਼ਰਧਾ ਭਾਵਨਾ ਨਾਲ ਭਾਰੀ ਗਿਣਤੀ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜਣ ਦੀ ਖੇਚਲ ਕਰਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਸਕੱਤਰ ਡਾæ ਗੁਰਬਚਨ ਸਿੰਘ ਬਚਨ ਨੇ ਕਈ ਕਿਸਮ ਦੇ ਤੌਖਲੇ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤਰੀ ਪਾਸੇ ਵਾਲੀ ਦਰਸ਼ਨੀ ਡਿਉਢੀ ਜਿਥੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਕਤਰੇਤ ਹੈ, ਵਾਲਾ ਦਰਵਾਜ਼ਾ ਬੰਦ ਕਰ ਦਿੱਤਾ ਜਾਵੇਗਾ ਅਤੇ ਸਿੱਖ ਸੰਗਤਾਂ ਘੰਟਾ ਘਰ, ਲੰਗਰ ਹਾਲ ਜਾਂ ਦੱਖਣੀ ਡਿਉਢੀ ਵਾਲੇ ਪ੍ਰਵੇਸ਼ਦੁਆਰ ਰਾਹੀਂ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਣਗੀਆਂ। ਜਥੇਦਾਰ ਵੇਦਾਂਤੀ ਜੀ ਨੇ ਡਾæ ਬਚਨ ਦੀ ਗੱਲ ਅਪ੍ਰਵਾਨ ਕਰਦਿਆਂ ਹੋਇਆਂ ਇਧਰਲਾ ਪ੍ਰਵੇਸ਼ਦੁਆਰ ਵੀ ਖੁੱਲਾ ਰੱਖਣ ਦਾ ਆਦੇਸ਼ ਦਿੱਤਾ। ਸਿੱਖ ਸੰਗਤਾਂ ਅਤੇ ਪੰਥਕ ਜਥੇਬੰਦੀਆਂ ਨੂੰ ਇਸ ਸਮਾਗਮ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਪਹੁੰਚਣ ਬਾਰੇ ਪ੍ਰੈਸ-ਬਿਆਨ ਰਾਹੀਂ ਅਪੀਲ ਕੀਤੀ ਗਈ।

ਇਤਿਹਾਸਕ ਸੱਚਾਈ ਦਾ ਇਕ ਹੋਰ ਦੁਖਦਾਈ ਪਹਿਲੂ ਇਹ ਹੈ ਕਿ 20ਵੀਂ ਸਦੀ ਦੇ ਲਾਸਾਨੀ ਯੋਧੇ ਦੀ ਸ਼ਹਾਦਤ ਨੂੰ ਘੱਟੇ-ਕੌਡੀਆਂ ਰਲਾਉਣ ਲਈ ਕਈ ਧਿਰਾਂ ਨੇ ਯਤਨ ਜਾਰੀ ਰੱਖੇ। ਦਮਦਮੀ ਟਕਸਾਲ ਅਤੇ ਸ਼੍ਰੋਮਣੀ ਕਮੇਟੀ ਵਲੋਂ ਸੰਤਾਂ ਨੂੰ ਸ਼ਹੀਦ ਐਲਾਨਣੋਂ ਲਗਾਤਾਰ ਆਨੇ-ਬਹਾਨੇ ਪਾਸਾ ਵੱਟਿਆ ਜਾਂਦਾ ਰਿਹਾ। ਇਥੋਂ ਤੱਕ ਕਿ ਅਖਬਾਰਾਂ ਰਾਹੀਂ ਇਹ ਪ੍ਰਚਾਰ ਕੀਤਾ ਜਾਂਦਾ ਰਿਹਾ ਕਿ ਸੰਤ ਜਰਨੈਲ ਸਿੰਘ ਜੀ ਚੜ੍ਹਦੀ ਕਲਾ ਵਿਚ ਹਨ। 16 ਸਾਲ ਬਾਅਦ 6 ਜੂਨ 2001 ਦਾ ਘੱਲੂਘਾਰਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੂਰੀ ਸ਼ਰਧਾ-ਭਾਵਨਾ ਨਾਲ ਮਨਾਏ ਜਾਣ ਦੀ ਕਾਮਯਾਬੀ ਤੋਂ ਬਾਅਦ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਕੌਮ ਨੂੰ ਭੰਬਲਭੂਸੇ ਵਿਚੋਂ ਕੱਢਣ ਲਈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਐਲਾਨਣ ਦੇ ਯਤਨ ਆਰੰਭ ਦਿੱਤੇ। ਸਭ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਹੁਰਾਂ ਦੇ ਵੱਡੇ ਬੇਟੇ ਭਾਈ ਈਸ਼ਰ ਸਿੰਘ ਅਤੇ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਭਾਈ ਮੋਹਕਮ ਸਿੰਘ ਨਾਲ ਸੰਪਰਕ ਕਾਇਮ ਕੀਤਾ ਗਿਆ। ਇਸ ਸਬੰਧੀ ਇਨ੍ਹਾ ਸਤਰਾਂ ਦਾ ਲੇਖਕ ਜੋ ਬਤੌਰ ਨਿਜੀ ਸਹਾਇਕ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਸੇਵਾ ਨਿਭਾ ਰਿਹਾ ਸੀ ਦੀ ਜਲੰਧਰ ਸਥਿਤ ਮਕਸੂਦਾਂ ਰਿਹਾਇਸ਼ ਵਿਖੇ ਦੋਹਾਂ ਸ਼ਖਸੀਅਤਾਂ ਨਾਲ ਮੀਟਿੰਗ ਕੀਤੀ ਗਈ। ਜਿਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਵੀ ਹਾਜਰ ਸਨ। ਭਾਈ ਈਸ਼ਰ ਸਿੰਘ ਹੁਰਾਂ ਨੇ ਗੱਲਬਾਤ ਦੌਰਾਨ ਸਪੱਸ਼ਟ ਕੀਤਾ ਕਿ ਅਸੀਂ ਤਾਂ ਹਰ ਸਾਲ ਸੰਤਾਂ ਦੀ ਯਾਦ ਵਿਚ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾ ਕੇ ਸ਼ਰਧਾਂਜਲੀ ਅਰਪਣ ਕਰਦੇ ਹਾਂ। ਸੰਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਨਾ ਐਲਾਨਣ ਬਾਰੇ ਕਿਉਂ ਗੁਰੇਜ਼ ਕੀਤਾ ਜਾ ਰਿਹਾ ਹੈ? ਸਾਨੂੰ ਇਸ ਦੀ ਸਮਝ ਨਹੀਂ ਆਉਂਦੀ। ਸੰਤ ਜਰਨੈਲ ਸਿੰਘ ਹੁਰਾਂ ਦੇ ਭਤੀਜੇ ਕੈਪਟਨ ਹਰਚਰਨ ਸਿੰਘ ਨਾਲ ਵੀ ਜਦ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਸਹਿਮਤੀ ਹੀ ਪ੍ਰਗਟ ਨਾ ਕੀਤੀ ਸਗੋਂ 6 ਜੂਨ ਦੇ ਸਮਾਗਮ ਵਿਚ ਪੂਰੀ ਸ਼ਰਧਾ-ਭਾਵਨਾ ਨਾਲ ਸ਼ਮੂਲੀਅਤ ਕਰਨ ਦਾ ਵਿਸ਼ਵਾਸ ਵੀ ਦਿਵਾਇਆ।

ਸੰਨ 2001 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇæ ਜਗਦੇਵ ਸਿੰਘ ਤਲਵੰਡੀ ਸਨ, ਉਨ੍ਹਾ ਨਾਲ ਵੀ ਇਸ ਸਬੰਧੀ ਵਿਚਾਰ-ਵਟਾਂਦਰਾ ਹੋ ਚੁੱਕਾ ਸੀ। ਜਥੇਦਾਰ ਤਲਵੰਡੀ ਨੇ ਵੀ ਸਹਿਮਤੀ ਪ੍ਰਗਟਾਈ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਐਲਾਨਿਆ ਜਾਵੇ। ਇਕ ਪਾਸੇ ਇਸ ਇਤਿਹਾਸਕ ਐਲਾਨਨਾਮੇ ਦੀਆਂ ਤਿਆਰੀਆਂ ਹੋ ਰਹੀਆਂ ਸਨ, ਦੂਸਰੇ ਪਾਸੇ ਕਿਸੇ ਅਗਿਆਤ ਵਿਅਕਤੀ ਵਲੋਂ ਇਹਨਾਂ ਸਤਰਾਂ ਦੇ ਲੇਖਕ ਅਤੇ ਸ੍ਰੀ ਅਕਾਲ ਸਾਹਿਬ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਫੋਨ ਕਰਕੇ ਇਹ ਐਲਾਨ ਨਾ ਕੀਤੇ ਜਾਣ ਦੀ ਧਮਕੀ ਦਿੱਤੀ ਅਤੇ ਅਜਿਹਾ ਕੀਤੇ ਜਾਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਲਈ ਵੀ ਧਮਕਾਇਆ ਜਾ ਰਿਹਾ ਸੀ ਪਰ ਜਥੇਦਾਰ ਵੇਦਾਂਤੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਐਲਾਨਣ ਦੇ ਫੈਸਲੇ 'ਤੇ ਪੂਰੀ ਤਰ੍ਹਾਂ ਦ੍ਰਿੜ ਸਨ। 5 ਜੂਨ 2001 ਨੂੰ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਚ ਕੁਝ ਜਰੂਰੀ ਡਾਕ ਕੱਢਣ ਵਿਚ ਮਸਰੂਫ ਸਾਂ ਕਿ ਮੈਨੂੰ ਸੰਤਾਂ ਦੇ ਬੇਟੇ ਭਾਈ ਈਸ਼ਰ ਸਿੰਘ ਦਾ ਫੋਨ ਆ ਗਿਆ ਕਿ ਕੱਲ ਨੂੰ ਸੰਤਾਂ ਨੂੰ ਸ਼ਹੀਦ ਐਲਾਨਣ ਦਾ ਫੈਸਲਾ ਅਜੇ ਰੋਕ ਲਿਆ ਜਾਵੇ। ਇਸ ਦਾ ਕਾਰਨ ਜਥੇਦਾਰ ਸਿੰਘ ਸਾਹਿਬ ਜਸਬੀਰ ਸਿੰਘ ਰੋਡੇ ਦੀ ਸਹਿਮਤੀ ਨਾ ਹੋਣਾ ਸੀ। ਭਾਈ ਈਸ਼ਰ ਸਿਂੰਘ ਹੁਰਾਂ ਨੇ ਅਜਿਹਾ ਕੀਤੇ ਜਾਣ ਨਾਲ ਘਰ ਵਿਚ ਫਸਾਦ ਪੈਦਾ ਹੋ ਜਾਣ ਦਾ ਤੌਖਲਾ ਪ੍ਰਗਟ ਕੀਤਾ। ਜਦ ਕੈਪਟਨ ਹਰਚਰਨ ਸਿੰਘ ਹੁਰਾਂ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਹ ਵੀ ਪਹਿਲਾਂ ਕੀਤੇ ਵਾਅਦੇ ਤੋਂ ਕੰਨੀ ਵੱਟ ਗਏ ਅਤੇ ਫੋਨ ਕੱਟ ਦਿੱਤਾ। ਇਸ ਤਰ੍ਹਾਂ 2001 ਵਿਚ ਸੰਤਾਂ ਨੂੰ ਸ਼ਹੀਦ ਐਲਾਨੇ ਜਾਣ ਦਾ ਪ੍ਰੋਗਰਾਮ ਠੁੱਸ ਹੋ ਕੇ ਰਹਿ ਗਿਆ। 6 ਜੂਨ ਦੇ ਸਮਾਗਮ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਵਿਚ ਕੀਤੀ ਜਾਣ ਵਾਲੀ ਅਰਦਾਸ ਸਮੇਂ ਪਹਿਲੀ ਵਾਰ "ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ-ਮਰਯਾਦਾ ਦੀ ਰਖਵਾਲੀ ਕਰਦਿਆਂ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀ ਯਾਦ ਵਿਚ ਮਨਾਏ ਜਾ ਰਹੇ ਸ਼ਰਧਾਂਜਲੀ ਸਮਾਗਮ" ਦੀਆਂ ਲਾਈਨਾਂ ਜੋੜ ਲਈਆਂ ਗਈਆਂ।

ਨਵੰਬਰ 2001 ਵਿਚ ਪ੍ਰੋæ ਕਿਰਪਾਲ ਸਿੰਘ ਬਡੂੰਗਰ ਨੇ ਬਤੌਰ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਸੰਭਾਲ ਲਈ। ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗ਼ਿ ਜੋਗਿੰਦਰ ਸਿੰਘ ਵੇਦਾਂਤੀ ਅਤੇ ਪ੍ਰੋæ ਕ੍ਰਿਪਾਲ ਸਿੰਘ ਬਡੂੰਗਰ ਵਲੋਂ ਸੰਤਾਂ ਨੂੰ ਸ਼ਹੀਦ ਐਲਾਨਣ ਦੇ ਯਤਨ ਜਾਰੀ ਰੱਖੇ ਗਏ ਅਤੇ ਇਸ ਸਬੰਧੀ ਸਮੇਂ-ਸਮੇਂ ਪੰਥਕ ਧਿਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਚੱਲਦਾ ਰਿਹਾ ਅਤੇ ਆਖਿਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ 6-ਜੂਨ-2003 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਯਾਦ ਵਿਚ 19ਵਾਂ ਸ਼ਹੀਦੀ ਦਿਹਾੜਾ ਮਨਾਉਣ ਲਈ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਸੰਤਾਂ ਨੂੰ ਬੜੀ ਸ਼ਰਧਾ ਤੇ ਸਤਿਕਾਰ ਨਾਲ ਸ਼ਹੀਦ ਐਲਾਨ ਦਿੱਤਾ ਗਿਆ। ਇਸ ਐਲਾਨ ਦੇ ਨਾਲ ਹੀ ਸੰਤਾਂ ਦੀ ਸ਼ਹਾਦਤ ਬਾਰੇ 19 ਸਾਲ ਦੀ ਦੁਬਿਧਾ ਖਤਮ ਕਰ ਦਿੱਤੀ ਗਈ। ਇਸ ਸ਼ਹੀਦੀ ਐਲਾਨ ਨਾਲ ਸੰਗਤਾਂ ਵੱਲੋਂ ਲਾਏ ਜੈਕਾਰਿਆਂ ਨੇ ਅਕਾਸ਼ ਗੁੰਜਣ ਲਗਾ ਦਿੱਤਾ। ਇਸ ਸਮਾਗਮ ਵਿੱਚ ਸਮੂਹ ਧਾਰਮਿਕ ਸੰਸਥਾਵਾਂ, ਸਿੱਖ ਰਾਜਨੀਤਿਕ ਪਾਰਟੀਆਂ, ਨਿਹੰਗ ਦਲਾਂ ਅਤੇ ਫੈਡਰੇਸ਼ਨ ਗਰੁੱਪ ਵੀ ਸ਼ਾਮਿਲ ਹੋਏ। ਸਮਾਗਮ ਵਿੱਚ ਸੰਤ ਜਰਨੈਲ ਸਿੰਘ ਜੀ ਦੇ ਪ੍ਰੀਵਾਰ, ਜਰਨਲ ਸੁਬੇਗ ਸਿੰਘ ਜੀ ਦੇ ਪ੍ਰੀਵਾਰ, ਸ਼ਹੀਦ ਭਾਈ ਸੁੱਖਾ-ਜਿੰਦਾ ਦੇ ਪ੍ਰੀਵਾਰ ਅਤੇ ਭਾਈ ਅਮਰੀਕ ਸਿੰਘ ਦੇ ਪ੍ਰੀਵਾਰਾਂ ਤੋਂ ਇਲਾਵਾ ਦੂਸਰੇ ਸ਼ਹੀਦ ਸਿੰਘਾਂ ਦੇ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ ਗਿਆ।ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਸ਼ਹੀਦ ਐਲਾਨਣ ਦੇ ਬਾਵਜੂਦ ਦਮਦਮੀ ਟਕਸਾਲ ਦੇ ਕੁਝ ਆਗੂਆਂ ਵਲੋਂ ਬਾਬਾ ਠਾਕੁਰ ਸਿੰਘ ਜੀ ਦੇ ਨਾਂਅ ਹੇਠ "ਸੰਤ ਜਰਨੈਲ ਸਿੰਘ ਜੀ ਚੜ੍ਹਦੀ ਕਲਾ ਵਿਚ ਹਨ" ਦੀਆਂ ਖਬਰਾਂ ਛਪਵਾ ਕੇ ਸੰਤਾਂ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਹੀਦ ਐਲਾਨਣ ਨਾਲ ਅਸਹਿਮਤੀ ਪ੍ਰਗਟ ਕੀਤੀ ਗਈ। ਪਰ ਕੁਝ ਸਮੇਂ ਬਾਅਦ ਦਮਦਮੀ ਟਕਸਾਲ ਨੂੰ ਵੀ ਸੰਤਾਂ ਦੀ ਲਾਸਾਨੀ ਸ਼ਹੀਦੀ ਦਾ ਸੱਚ ਮੰਨਣਾ ਪਿਆ। ਇਹ ਬੜਾ ਫਖਰਯੋਗ ਇਤਿਹਾਸਕ ਪਹਿਲੂ ਹੈ ਕਿ ਹੁਣ ਜਦੋਂ ਸੰਤਾਂ ਦਾ 25ਵਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤਾਂ ਇਸ ਵਿਚ ਸ਼੍ਰੋਮਣੀ ਗੁæ ਪ੍ਰæ ਕਮੇਟੀ, ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਫੈਡਰੇਸ਼ਨਾਂ ਸਮੇਤ ਦਮਦਮੀ ਟਕਸਾਲ 20ਵੀਂ ਸਦੀ ਦੇ ਇਸ ਮਹਾਨ ਸ਼ਹੀਦ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸ਼ਹੀਦੀ ਦਿਹਾੜੇ ਨੂੰ ਇਕੱਠੇ ਹੋ ਕੇ ਬੜੀ ਸ਼ਰਧਾ-ਭਾਵਨਾ ਨਾਲ ਮਨਾ ਰਹੀਆਂ ਹਨ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ 20 ਸਦੀ ਦੇ ਮਹਾਨ ਯੋਧੇ, ਲਾਸਾਨੀ ਸ਼ਹੀਦ, ਮਰਦੇ-ਮੁਜਾਹਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਂਦੀਆਂ ਰਹਿਣਗੀਆਂ। ************************

Note: Document can take a few seconds [Depend on your Internet Speed] to open, please wait...
To open you have to install Adobe Reader, which you can download from here


 

Poll Test
Warning: include(/home/content/w/a/k/wakeupkhalsa/html/database.php) [function.include]: failed to open stream: No such file or directory in /home/content/42/5396142/html/poll/config.php on line 27

Warning: include() [function.include]: Failed opening '/home/content/w/a/k/wakeupkhalsa/html/database.php' for inclusion (include_path='.:/usr/local/php5_3/lib/php') in /home/content/42/5396142/html/poll/config.php on line 27

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Resultਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form