Change color / Set Jagookhalsa.com your Homepage      
Set as Homepage                  

 
Articles


  
ਸਿੱਖ ਰਹਿਤ ਮਰਯਾਦਾ ਦੀ ਪਰਮਾਣਿਕਤਾ             print

     29 ਮਈ 2016     ਸਰਵਜੀਤ ਸਿੰਘ ਸੈਕਰਾਮੈਂਟੋ
 


ਕਿਸੇ ਵੀ ਸੰਸਥਾ ਨੂੰ ਠੀਕ ਤਰੀਕੇ ਨਾਲ ਆਪਣਾ ਕੰਮ ਚਲਾਉਣ ਲਈ ਕਿਸੇ ਕਾਇਦੇ-ਕਨੂੰਨ ਦੀ ਲੋੜ ਹੁੰਦੀ ਹੈ। ਉਸ ਸੰਸਥਾ ਦੇ ਸਾਰੇ ਮੈਂਬਰਾਂ ਖਾਸ ਕਰਕੇ ਪ੍ਰਬੰਧਕਾਂ ਦੀ ਇਹ ਜਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਬਣਾਏ ਵਿਧੀ-ਵਿਧਾਨ ਤੇ ਸਖ਼ਤੀ ਨਾਲ ਖ਼ੁਦ ਪਹਿਰਾ ਦੇਣ। ਇਸ ਤੋਂ ਵੀ ਮਹੱਤਵ ਪੂਰਨ ਗੱਲ ਇਹ ਹੁੰਦੀ ਹੈ ਸੰਸਥਾ ਨੂੰ ਸਮੇਂ ਦਾ ਹਾਣੀ ਬਣਾਈ ਰੱਖਣ ਲਈ, ਆਪਣੇ ਮੁਢਲੇ ਅਸੂਲਾਂ ਨਾਲ ਸਮਝੌਤਾ ਕੀਤਿਆਂ ਵਗੈਰ ਵਿਧਾਨ ਵਿੱਚ ਲੋੜੀਆਂ ਸੋਧਾਂ ਵੀ ਕੀਤੀਆਂ ਜਾਂਦੀਆਂ ਰਹਿਣ।

ਸਿੱਖ ਧਰਮ ਦੇ ਇਤਿਹਾਸ ਤੇ ਨਜ਼ਰ ਮਾਰੀ ਜਾਵੇ ਤਾਂ ਅਜੇਹੇ ਬਹੁਤ ਸਾਰੇ ਹਵਾਲੇ ਮਿਲਦੇ ਹਨ ਜਦੋ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੇ ਆਪਣੇ ਮੁਢਲੇ ਸਿਧਾਂਤਾਂ ਨਾਲ ਸਮਝੌਤਾ ਹੀ ਨਹੀ ਕੀਤਾ ਸਗੋਂ ਨਿਜੀ ਹਿੱਤਾਂ ਖਾਤਰ ਗੈਰ ਇਖ਼ਲਾਕੀ ਕੰਮ ਵੀ ਕੀਤੇ। ਸਾਡੇ ਕੇਂਦਰੀ ਅਸਥਾਨ ਤੇ ਅਜੇਹਾ ਸਮਾ ਗੁਰੂ ਕਾਲ ਵੇਲੇ ਹੀ ਆ ਗਿਆ ਸੀ, ਜਿਸ ਦੀ ਮਿਸਾਲ ਹੈ ਗੁਰੂ ਤੇਗ ਬਹਾਦਰ ਜੀ ਨੂੰ ਦਰਬਾਰ ਸਾਹਿਬ ਦਰਸ਼ਨ ਕਰਨ ਤੋਂ ਰੋਕਣਾ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਿਛੋਂ ਸਿੱਖ ਆਪਣੀ ਹੋਂਦ ਨੂੰ ਬਚਾਉਣ ਲਈ ਜਦੋਂ ਜੰਗਲਾਂ ਵਿੱਚ ਚਲੇ ਗਏ ਤਾਂ ਗੁਰਦਵਾਰਿਆਂ ਦਾ ਪ੍ਰਬੰਧ ਨਿਰਮਲਿਆਂ ਅਤੇ ਉਦਾਸੀਆਂ ਨੇ ਸਾਂਭ ਲਿਆ। ਇਸੇ ਸਮੇਂ ਦੌਰਾਨ ਹੀ ਬਿਪਰਵਾਦ ਆਪਣੀਆਂ ਜੜ੍ਹਾਂ ਫੈਲਾਉਣ ਵਿਚ ਕਾਮਯਾਬ ਹੋ ਗਿਆ। ਇਹ ਹੀ ਸਮਾਂ ਸੀ ਜਦੋ ਹਰ ਪੁਜਾਰੀ/ਮਹੰਤ ਨੇ ਆਪੋ ਆਪਣੀ ਮਰਯਾਦਾ ਬਣਾ ਲਈ ਸੀ। ਸਿੱਖ ਰਾਜ ਵੇਲੇ ਭਾਵੇ ਸ਼ਰਧਾ ਤਾਂ ਬਹੁਤ ਸੀ ਪਰ ਸਿਧਾਂਤਕ ਕਮਜ਼ੋਰੀ ਆਪਣੀ ਸਿਖਰ ਤੇ ਪੁਜ ਚੁੱਕੀ ਸੀ। ਅੰਗਰੇਜਾਂ ਨੇ ਤਾਂ ਆਪਣੀ ਲੋੜ ਲਈ ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਸਨ। ਉੱਨ੍ਹੀਵੀਂ ਸਦੀ ਦੇ ਅਖੀਰ ਵਿੱਚ ਸਿੱਖ ਸਿੰਘ ਸਭਾ ਲਹਿਰ ਕਾਰਨ ਕੁਝ ਜਾਗਰਤੀ ਆਈ ਅਤੇ ਸਿੱਖਾਂ ਨੇ ਆਪਣੇ ਗੁਰਧਾਮਾਂ ਦੇ ਪ੍ਰਬੰਧ ਵਿੱਚ ਆ ਚੁਕੀਆਂ ਕਮਜ਼ੋਰੀਆਂ ਦੇ ਸੁਧਾਰ ਵੱਲ ਧਿਆਨ ਦਿੱਤਾ। ਇਸੇ ਜਾਗਰਤੀ ਦਾ ਹੀ ਨਤੀਜਾ ਸੀ ਕਿ 12 ਅਕਤੂਬਰ 1920 ਈ: ਨੂੰ ਜਦੋਂ ਦੇਗ ਲੈ ਕੇ, ਇਕ ਕਾਫਲੇ ਦੇ ਰੂਪ ਵਿੱਚ ਦਰਬਾਰ ਸਾਹਿਬ ਪੁੱਜੇ ਤਾਂ ਪੁਜਾਰੀ ਉਥੋਂ ਭੱਜ ਗਏ ਸਨ। ਇਕੱਤਰ ਹੋਈਆਂ ਸੰਗਤਾਂ ਨੇ ਉਥੇ ਦਾ ਪ੍ਰਬੰਧ ਆਰਜ਼ੀ ਤੌਰ ਤੇ ਜਥੇਦਾਰ ਤੇਜਾ ਸਿੰਘ ਨੂੰ ਸੌਂਪ ਦਿੱਤਾ। ਇਸੇ ਸਾਲ ਨਵੰਬਰ ਵਿੱਚ ਇਕੱਠ ਕਰਕੇ 175 ਮੈਂਬਰਾਂ ਦੀ ਇਕ ਕਮੇਟੀ ਬਣਾਈ ਗਈ ਜਿਸ ਦਾ ਨਾਮ ਗੁਰਦਵਾਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ਦਸੰਬਰ 1920 ਈ: ਵਿਚ ਅਕਾਲੀ ਦਲ ਦੇ ਹੋਂਦ ਵਿਚ ਆਉਣ ਨਾਲ ਹੀ ਗੁਰਦਵਾਰਾ ਸੁਧਾਰ ਲਹਿਰ ਦਾ ਅਰੰਭ ਵੀ ਹੋ ਗਿਆ। ਸਿੱਖਾਂ ਦੀਆਂ ਅਣਗਿਣਤ ਕੁਰਬਾਨੀਆਂ ਸਦਕਾ ਅੰਗਰੇਜੀ ਸਰਕਾਰ ਨੂੰ ਝੁਕਣਾ ਪਿਆ ਅਤੇ 1925 ਈ: ਵਿੱਚ ਗੁਰਦਵਾਰਾ ਕਨੂੰਨ ਬਣਾ ਕਿ ਗੁਰਧਾਮਾਂ ਦਾ ਪ੍ਰਬੰਧ, ਗੁਰਦਵਾਰਾ ਪ੍ਰਬੰਧਕ ਕਮੇਟੀ, ਜਿਸ ਦਾ ਪਹਿਲਾ ਨਾਮ ਗੁਰਦਵਾਰਾ ਸੈਂਟਰਲ ਬੋਰਡ ਸੀ, ਨੂੰ ਸੌਂਪ ਦਿੱਤਾ ਗਿਆ। ਅਖੀਰ ਉਹ ਸਮਾਂ ਵੀ ਆ ਗਿਆ ਜਦੋ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸਾਰੇ ਗੁਰਦਵਾਰਿਆਂ ਦਾ ਪ੍ਰਬੰਧ ਇਕਸਾਰ ਕਰਨ ਲਈ ਵਿਧੀ ਵਿਧਾਨ ਬਣਾਉਣ ਦੀ ਲੋੜ ਮਹਿਸੂਸ ਕੀਤੀ।

ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ 14-15 ਮਾਰਚ 1927 ਈ: ਨੂੰ ਆਪਣੀ ਇਕੱਤਰਤਾ ਵਿਚ ਮਤਾ ਪਾਸ ਕਰਕੇ ਰਹੁ-ਰੀਤੀ ਦਾ ਖਰੜਾ ਤਿਆਰ ਕਰਨ ਵਾਸਤੇ ਇਕ ਕਮੇਟੀ ਦਾ ਗਠਨ ਕੀਤਾ ਗਿਆ। (ਯਾਦ ਰਹੇ ਰਹਿਤ ਮਰਯਾਦਾ ਵਿੱਚ ਕਮੇਟੀ ਮੈਂਬਰਾਂ ਦੀ ਸੂਚੀ ਵਿੱਚ 25 ਨਾਮ ਦਰਜ ਹਨ ਪਰ “ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ” ਵਿੱਚ 28 ਮੈਂਬਰਾਂ ਦੇ ਨਾਮ ਦਰਜ ਹਨ) ਸ਼੍ਰੋਮਣੀ ਕਮੇਟੀ ਨੇ ਆਪਣੀ 1 ਮਾਰਚ 1932 ਈ: ਦੀ ਇਕੱਤਰਤਾ ਵਿੱਚ ਰਹੁ ਰੀਤ ਕਮੇਟੀ ਦੇ ਮੈਂਬਰਾਂ ਵਿੱਚ ਕੁਝ ਅਦਲਾ-ਬਦਲੀ ਵੀ ਕੀਤੀ ਸੀ। (4 ਮੈਂਬਰ ਹਟਾਏ ਗਏ 8 ਨਵੇ ਸ਼ਾਮਿਲ ਕੀਤੇ ਗਏ- 50 ਸਾਲਾ ਇਤਿਹਾਸ ਪੰਨਾ 90) ਇਸ ਕਮੇਟੀ ਨੇ 4-5 ਅਕਤੂਬਰ 1931, 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਅਕਾਲ ਤਖਤ ਸਾਹਿਬ ਤੇ ਮੀਟਿੰਗਾਂ ਕਰਕੇ ਇਕ ਖਰੜਾ ਤਿਆਰ ਕਰਕੇ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ। ਸ਼੍ਰੋਮਣੀ ਕਮੇਟੀ ਦੀ ਆਗਿਆ ਅਨੁਸਾਰ 2 ਮਈ 1932 ਅਤੇ 26 ਸਤੰਬਰ 1932 ਈ: ਨੂੰ ਹੋਰ ਵਿਚਾਰ ਕਰਕੇ, 1 ਅਕਤੂਬਰ 1932 ਨੂੰ ਮੁੜ ਇਹ ਖਰੜਾ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤਾ ਗਿਆ ਤਾਂ ਜੋ ਇਸ ਨੂੰ ਛਪਵਾ ਕੇ ਸੰਗਤਾਂ ਤੋਂ ਅੰਤਿਮ ਰਾਏ ਲੈ ਲਈ ਜਾਵੇ। ਇਸ ਖਰੜੇ ਸਬੰਧੀ ਰਾਵਾਂ ਭੇਜਣ ਵਾਲੀਆ ਜਥੇਬੰਦੀਆਂ, ਸਿੰਘ ਸਭਾਵਾਂ ਅਤੇ ਸੱਜਣਾਂ ਦੀ ਸੂਚੀ ਜੋ ਰਹਿਤ ਮਰਯਾਦਾ ਵਿੱਚ ਛਪੀ ਹੋਈ ਹੈ, ਵਿੱਚ 71 ਨਾਮ ਦਰਜ ਹਨ। ਸ਼੍ਰੋਮਣੀ ਕਮੇਟੀ ਦੀ 30 ਦਸੰਬਰ 1932 ਈ: ਦੀ ਇਕੱਤਰਤਾ ਵਿੱਚ ਪ੍ਰੋ ਤੇਜਾ ਸਿੰਘ ਜੀ ਨੇ ਇਹ ਖਰੜਾ ਵਿਚਾਰ ਲਈ ਪੇਸ਼ ਕੀਤਾ ਪਰ ਮਤ ਭੇਦ ਹੋਣ ਕਾਰਨ ਪਾਸ ਨਹੀ ਸੀ ਹੋ ਸਕਿਆ। (50 ਸਾਲਾ ਇਤਿਹਾਸ ਪੰਨਾ 114) ਇਸ ਖਰੜੇ ਨੂੰ, ਸਰਬ ਹਿੰਦ ਸਿੱਖ ਮਿਸ਼ਨ ਬੋਰਡ ਨੇ ਆਪਣੇ ਮਤਾ ਨੰ: 1 ਮਿਤੀ 1 ਅਗਸਤ 1936 ਈ: ਅਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮਤਾ ਨੰ: 149 ਮਿਤੀ 12 ਅਕਤੂਬਰ 1936 ਈ: ਨੂੰ ਆਪਣੀ ਪ੍ਰਵਾਨੀ ਦਿੱਤੀ।

ਮੁੜ ਸ਼੍ਰੋਮਣੀ ਕਮੇਟੀ ਦੀ ‘ਧਾਰਮਿਕ ਸਲਾਹਕਾਰ ਕਮੇਟੀ’ ਨੇ ਆਪਣੀ ਇਕੱਤਰਤਾ ਮਿਤੀ 7 ਜਨਵਰੀ 1945 ਈ: ਨੂੰ ਵਿਚਾਰ ਕੇ ਇਸ ਵਿੱਚ ਕੁੱਝ ਵਾਧੇ ਘਾਟੇ ਕਰਨ ਦੀ ਸਿਫ਼ਾਰਿਸ਼ ਕੀਤੀ। ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫ਼ਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 2 ਮਾਰਚ 1945 ਈ: ਮਤਾ ਨੰਬਰ 97 ਰਾਹੀਂ ਦਿੱਤੀ। ਕੀਤੀਆਂ ਗਈਆਂ ਸੋਧਾਂ ਵਿੱਚ ਸਭ ਤੋਂ ਮਹੱਤਵ ਪੂਰਨ ਇਹ ਹੈ ਕਿ 1936 ਈ: ਵਿਚ ਤਿਆਰ ਕੀਤੇ ਗਏ ਖਰੜੇ ਵਿੱਚ ਭੋਗ ਦੇ ਸਿਰਲੇਖ ਹੇਠ ਇਹ ਸਪੱਸ਼ਟ ਲਿਖਿਆਂ ਹੋਇਆ ਸੀ, “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਪਾਇਆ ਜਾਵੇ”। ਇਸ ਵਿਚ ਵਾਧਾ ਕਰਕੇ ਇਹ ਲਿਖ ਦਿੱਤਾ ਕਿ, “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ”। ਸ਼ਾਮ ਵੇਲੇ ਪੜ੍ਹੀ ਜਾਣ ਵਾਲੀ ਬਾਣੀ ਵਿਚ, “ਮੁੰਦਾਵਣੀ ਤੇ ਸਲੋਕ ਮਹਲਾ ੫ ਤੇਰਾ ਕੀਤਾ ਜਾਤੋ ਨਾਹੀ” ਪੜ੍ਹਨ ਦੀ ਹਦਾਇਤ ਵੀ ਕੀਤੀ ਗਈ।

ਸ਼੍ਰੋਮਣੀ ਕਮੇਟੀ ਵੱਲੋਂ ਇਸ ਮਰਯਾਦਾ ਵਿਚ ਵੀ ਕਈ ਤਬਦੀਲੀਆਂ ਕੀਤੀਆਂ ਗਈਆਂ ਜਿਵੇ ਦੇਸ਼ ਦੀ ਵੰਡ ਤੋਂ ਪਿਛੋਂ ਅਰਦਾਸ ਵਿਚ ਕੀਤੀ ਗਈ ਤਬਦੀਲੀ, “ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖ਼ਸ਼ੋ” ਅਤੇ ਪੰਜਵੇਂ ਤਖਤ ਨੂੰ ਅਰਦਾਸ ਵਿਚ ਸ਼ਾਮਿਲ ਕਰਨਾ। ਖੰਡੇ ਦੀ ਪਹੁਲ ਤਿਆਰ ਕਰਨ ਵੇਲੇ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ (ਜਪੁ, ਜਾਪੁ, 10 ਸਵੱਯੇ ਬੇਨਤੀ ਚੌਪਈ ਅਤੇ ਅਨੰਦ ਸਾਹਿਬ) ਵਿਚ ਅਨੰਦ ਸਾਹਿਬ ਦੀ ਪਹਿਲੀਆਂ ਪੰਜ ਅਤੇ ਆਖਰੀ ਪਉੜੀ ਪੜ੍ਹੀ ਜਾਂਦੀ ਸੀ ਪਰ ਜਥੇਦਾਰ ਕ੍ਰਿਪਾਲ ਸਿੰਘ ਵੇਲੇ (1982-86) ਇਸ ਨੂੰ ਬਦਲ ਕੇ ਅਨੰਦ ਸਾਹਿਬ ਕਰ ਦਿੱਤਾ ਗਿਆ ਜਿਸ ਦਾ ਭਾਵ ਹੈ 40 ਪਉੜੀਆਂ। ਕੀਰਤਨ ਦੇ ਸਿਰਲੇਖ ਹੇਠ ਇਹ ਦਰਜ ਹੈ, “ਸੰਗਤ ਵਿਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ” ਪਰ ਸ਼੍ਰੋਮਣੀ ਕਮੇਟੀ ਵੱਲੋਂ ਮਰਯਾਦਾ ਦਾ ਅੰਗਰੇਜੀ ਵਿਚ ਤਰਜਮਾ ਕਰਨ/ਕਰਵਾਉਣ ਵੇਲੇ , “In the congregation, kirtan only of Gurbani (Guru Granth’s or Guru Gobind Singh’s hymns) and, for its elaboration, of the compositions of Bhai Gurdas and Bai Nand Lal, may be performed”, ਇਹ “Guru Granth’s or Guru Gobind Singh’s hymns” ਵਾਧੂ ਸ਼ਬਦ ਲਿਖ ਦਿੱਤੇ ਗਏ। ਇਕ ਪਾਸੇ ਤਾ ਸ਼੍ਰੋਮਣੀ ਕਮੇਟੀ ਅਜੇਹੀਆਂ ਆਪ ਹੁਦਰੀਆਂ ਕਰ ਰਹੀ ਹੈ ਦੂਜੇ ਪਾਸੇ ਉਹ ਡੇਰੇਦਾਰ ਹਨ ਜਿਨ੍ਹਾਂ ਨੇ ਆਪਣੀ ਯੂਨੀਅਨ ਬਣਾ ਕੇ ਵੱਖਰੀ ਮਰਯਾਦਾ ਬਣਾ ਲਈ ਹੈ।

ਡੇਰੇਦਾਰਾਂ ਵੱਲੋਂ, “ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ” ਜਥੇਬੰਦੀ ਦੇ ਨਾਮ ਹੇਠ, ਅਪ੍ਰੈਲ 1994 ਈ: ਵਿੱਚ ਆਪਣੀ ਵੱਖਰੀ ਮਰਯਾਦਾ ਬਣਾ ਲਈ ਗਈ ਹੈ। ਜਿਸ ਵਿੱਚ ਉਨ੍ਹਾਂ ਨੇ ਸਿੱਖ ਦੀ ਤਾਰੀਫ਼ ਨੂੰ ਹੀ ਦੋ ਭਾਗਾਂ ਵਿੱਚ ਵੰਡ ਦਿੱਤਾ ਹੈ ਇਕ ਸਹਜਿਧਾਰੀ ਅਤੇ ਦੂਜੇ ਅਮ੍ਰਿਤਧਾਰੀ। ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਮਰਯਾਦਾ ਵਿੱਚ ਨਾਮ ਬਾਣੀ ਦਾ ਅਭਿਆਸ ਸਿਰਲੇਖ ਹੇਠ ਦਰਜ, “ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ’ ਨਾਮ ਜਪੇ” ਦੀ ਥਾਂ, “ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿੰਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ (ਮੂਲ ਮੰਤ੍ਰ) “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ ਅਤੇ (ਗੁਰਮੰਤ੍ਰ ) ਵਾਹਿਗੁਰੂ ਦਾ ਜਾਪ ਕਰੇ”। ਨਿਤਨੇਮ ਦੀਆਂ ਬਾਣੀਆਂ ਵਿਚ ਚੌਪਈ “ਹਮਰੀ ਕਰੋ ਹਾਥ ਦੇ ਰੱਛਾ ਤੋਂ ਤੀਰ ਸੱਤੁਦ੍ਰਵ ਗ੍ਰੰਥ ਸੁਧਾਰਾ” ਤਾਈਂ ਅਤੇ ਸੰਪੂਰਨ ਅਨੰਦ ਸਾਹਿਬ ਸ਼ਾਮਿਲ ਕੀਤਾ ਹੈ। (ਪੰਨਾ 3) ਕੀਰਤਨ ਸਿਰਲੇਖ ਹੇਠ, “ਕੇਵਲ ਗੁਰਬਾਣੀ” ਤੋਂ ਬਦਲ ਕੇ “ਕੇਵਲ ਗੁਰਬਾਣੀ (ਆਦਿ ਤੇ ਦਸਮ)” ਕਰ ਦਿੱਤਾ ਗਿਆ ਹੈ। (ਪੰਨਾ 10) ਅਖੰਡ ਪਾਠ ਦੇ ਅਰੰਭ ਵੇਲੇ ਕੁੰਭ ਨਾਰੀਅਲ ਆਦਿ ਰੱਖਣ, ਮੱਧ ਦਾ ਭੋਗ 705 ਅੰਕ ਤੇ ਪਾਉਣ ਅਤੇ ਪਾਠ ਦਾ ਭੋਗ ਰਾਗਮਾਲਾ ਪੜ੍ਹ ਕੇ ਪਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਕੜਾਹ ਪ੍ਰਸ਼ਾਦ, ਨਾਵੇਂ ਮਹਲੇ ਦੇ ਸਲੋਕ ਅਰੰਭ ਹੋਣ ਤੋਂ ਪਹਿਲਾ ਗੁਰੂ ਦੀ ਹਜ਼ੂਰੀ ਵਿੱਚ ਪਹੁੰਚਣਾ ਚਾਹੀਦਾ ਹੈ ਅਤੇ ਜਦੋਂ ਅਰਦਾਸੀਆ “ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗ ਹਰਿ ਰਾਇ” ਪੜ੍ਹੇ ਉਸੇ ਵੇਲੇ ਹੀ ਕਿਰਪਾਨ ਭੇਟ ਕੀਤੀ ਜਾਵੇ। (ਪੰਨਾ 13) ਇਹ ਅਤੇ ਅਜੇਹੀਆਂ ਹੋਰ ਅਣਗਿਣਤ ਮਨਮੱਤਾਂ ਦਰਜ ਕੀਤੀਆਂ ਹੋਈਆਂ ਹਨ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਅਖੌਤੀ ਸੰਤ ਸਮਾਜ ਵੱਲੋਂ 1994 ਈ: ਵਿੱਚ ਬਣਾਈ ਗਈ ਮਰਯਾਦਾ ਪੰਥ ਦੇ ਫੈਸਲੇ ਖਿਲਾਫ਼ ਬਗਾਵਤ ਕਿਉਂ ਨਹੀਂ ਸਮਝੀ ਗਈ?

ਅੱਜ ਸਾਡੇ ਸਾਹਮਣੇ ਸਮੱਸਿਆ ਇਹ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ 1945 ਈ; ਵਿੱਚ ਬਣਾਈ ਗਈ ਮਰਯਾਦਾ, ਜਿਸ ਨੂੰ ਪੰਥ ਪ੍ਰਵਾਣਤ ਕਿਹਾ ਜਾਂਦਾ ਹੈ, ਇਕ ਧਿਰ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ 1994 ਈ: ਵਿੱਚ ਆਪਣੀ ਵੱਖਰੀ ਮਰਯਾਦਾ ਬਣਾ ਲਈ ਹੈ। ਹੈਰਾਨੀ ਦੀ ਗੱਲ ਹੈ ਕਿ ਪਿਛਲੇ 22 ਸਾਲਾਂ ਵਿੱਚ ਅਕਾਲ ਤਖਤ ਵੱਲੋਂ ਕਦੇ ਵੀ ਉਨ੍ਹਾਂ ਖਿਲਾਫ਼ ਕਰਵਾਈ ਕਰਨ ਵਾਰੇ ਨਹੀਂ ਸੋਚਿਆ ਗਿਆ। ਤੀਜੀ ਧਿਰ ਜੋ 1945 ਈ: ਵਿੱਚ ਬਣੀ ਮਰਯਾਦਾ `ਚ ਗੁਰਬਾਣੀ ਦੀ ਪਰਖ ਕਸਵੱਟੀ ਮੁਤਾਬਕ ਸੋਧ ਕਰਵਾਉਣ ਲਈ ਯਤਨ ਸ਼ੀਲ ਹੈ, ਦੇ ਖਿਲਾਫ਼ ਉਪ੍ਰੋਕਤ ਦੋਵੇਂ ਧਿਰਾਂ ਹੀ ਹੋ ਹੱਲਾ ਕਰਨ ਲਈ ਇਕੱਠੀਆਂ ਹੋ ਗਈਆਂ ਹਨ। ਪਿਛਲੇ ਕਈ ਸਾਲਾਂ ਤੋਂ ਪੰਥ ਦਰਦੀਆਂ ਵੱਲੋਂ ਰਹਿਤ ਮਰਯਾਦਾ ਦੀਆਂ ਉਹ ਮੱਦਾਂ ਜੋ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਨਹੀਂ ਹਨ, ਬਾਰੇ ਵਿਚਾਰ ਚਰਚਾ ਕੀਤੀ ਜਾਂਦੀ ਰਹੀ ਹੈ। ਜਿੰਮੇਵਾਰ ਧਿਰਾਂ ਨੂੰ ਵਾਰ-ਵਾਰ ਬੇਨਤੀਆਂ ਕਰਨ ਤੇ ਵੀ ਉਨ੍ਹਾਂ ਨੇ ਕੋਈ ਹੁੰਗਾਰਾ ਨਹੀਂ ਭਰਿਆ। ਜਿਸ ਦਾ ਨਤੀਜਾ ਇਹ ਨਿਕਲਿਆ ਹੈ ਕਿ ਅੱਜ ਥਾਂ-ਥਾਂ ਬਗਾਵਤੀ ਸੁਰਾਂ ਉਠ ਰਹੀਆਂ ਹਨ। ਕਿੰਨੀ ਹੈਰਾਨੀ ਦੀ ਗੱਲ ਕਿ ਉਹ ਧਿਰਾਂ, ਜੋ ਖ਼ੁਦ 1945 ਈ: ਵਿੱਚ ਬਣੀ ਮਰਯਾਦਾ ਨੂੰ ਨਹੀਂ ਮੰਨਦੀਆਂ, ਤੀਜੀ ਧਿਰ ਦੇ ਖਿਲਾਫ਼ ਸ਼ਿਕਾਇਤਾਂ ਅਕਾਲ ਤਖਤ ਦੇ ਮੁਖ ਸੇਵਾਦਾਰ ਨੂੰ ਕਰ ਰਹੀਆਂ ਹਨ। ਅੱਗੋਂ ਤਖ਼ਤਾਂ ਦੇ ਸੇਵਾਦਾਰਾਂ ਵਿੱਚ ਵੀ ਦੋ ਅਜੇਹੇ ਹਨ ਜੋ ਖ਼ੁਦ ਇਸ ਮਰਯਾਦਾ ਨੂੰ ਨਹੀਂ ਮੰਨਦੇ।

ਉਪ੍ਰੋਕਤ ਚਰਚਾ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਜਿਸ ਵੇਲੇ ਰਹਿਤ ਮਰਯਾਦਾ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਸੀ ਤਾਂ ਉਸ ਵੇਲੇ ਰੁਹ ਰੀਤ ਕਮੇਟੀ ਵਿਚ ਜਿਥੇ ਪੰਥ ਦਰਦੀ ਗੁਰਮਤਿ ਦੇ ਧਾਰਨੀ ਵਿਦਵਾਨ ਸ਼ਾਮਿਲ ਸਨ ਉਥੇ ਹੀ ਕੁਝ ਬਿਪਰਵਾਦੀ ਸੋਚ ਦੇ ਧਾਰਨੀ ਵੀ ਸ਼ਾਮਿਲ ਸਨ। ਹੋ ਸਕਦਾ ਹੈ ਕਿ ਇਸੇ ਕਾਰਨ ਹੀ ਸ਼੍ਰੋਮਣੀ ਕਮੇਟੀ ਨੇ ਰਹੁ ਰੀਤ ਕਮੇਟੀ `ਚ 4 ਮੈਂਬਰਾਂ ਦੀ ਛਾਂਟੀ ਕੀਤੀ ਹੋਵੇ। ਸਮਝੌਤਾ ਵਾਦੀ ਨੀਤੀ ਤਹਿਤ ਕੁਝ ਇਕ ਮੁੱਦਾਂ ਤੇ ਸਮਝੌਤਾ ਕਰਕੇ ਰਹਿਤ ਮਰਯਾਦਾ ਤਿਆਰ ਕਰਕੇ ਪ੍ਰਵਾਨ ਕੀਤੀ ਗਈ ਸੀ। ਨਹੀਂ ਤਾਂ 9 ਸਾਲ ਇਸ ਨੂੰ ਰੋਕੀ ਰੱਖਣ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ। ਅੱਜ ਹਾਲਾਤ ਇਹ ਹਨ ਕਿ ਇਕ ਧਿਰ ਮਰਯਾਦਾ ਨੂੰ ਬਿਪਰਵਾਦ ਵੱਲ ਲੈ ਜਾਣਾਂ ਚਾਹੁੰਦੀ ਹੈ ਅਤੇ ਇਕ ਧਿਰ ਬਿਪਰਵਾਦ ਤੋਂ ਮੁਕੰਮਲ ਛੁਟਕਾਰਾ ਚਾਹੁੰਦੀ ਹੈ। ਇਕ ਧਿਰ ਅਜੇਹੀ ਹੈ ਜੋ ਸਤਿੱਥੀ ਨੂੰ ਜਿਉਂ ਦੀ ਤਿਉਂ ਰੱਖਣ ਵਿੱਚ ਹੀ ਭਲਾ ਸਮਝਦੀ ਹੈ। ਇਸ ਵਰਤਾਰੇ ਨੂੰ ਸਮਝਣ ਲਈ ਇਕ ਉਦਾਹਰਣ; ਰਹੁ ਰੀਤ ਕਮੇਟੀ ਨੇ 1936 ਈ: ਵਿਚ ਫੈਸਲਾ ਕੀਤਾ ਕਿ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਵੇ। “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਪਾਇਆ ਜਾਵੇ”। (ਇਸ ਗੱਲ ਬਾਬਤ ਪੰਥ 'ਚ ਅਜੇ ਤਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ) ਸਮਝੌਤਾ ਵਾਦੀ ਨੀਤੀ ਤਹਿਤ 1945 ਈ: ਵਿਚ ਫੈਸਲਾ ਹੋਇਆ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ”। ਅੱਜ ਇਕ ਧਿਰ ਆਪਣੀ ਮਰਯਾਦਾ ਵਿਚ ਲਿਖਦੀ ਹੈ ਕਿ ਪਾਠ ਦੇ ਭੋਗ ਰਾਗਮਾਲਾ ਪੜ੍ਹ ਕੇ ਪਾਇਆ ਜਾਵੇ, “ਪਾਠ ਦੇ ਭੋਗ ਵੇਲੇ ਰਾਗਮਾਲਾ ਤੋਂ ਉਪ੍ਰੰਤ ਸ੍ਰੀ ਜਪੁਜੀ ਸਾਹਿਬ ਜੀ ਦੀਆਂ ਪੰਜ ਪਉੜੀਆਂ ਤੇ ਸਲੋਕ ਪੜ੍ਹ ਕੇ ਅਰਦਾਸਾ ਕਰੇ”। ਜਦੋ ਕਿ ਦੂਜੀ ਧਿਰ ਦਾ ਮੰਨਣਾ ਹੈ ਕਿ ਜਦੋਂ ਇਹ ਸਾਬਿਤ ਹੋ ਚੁੱਕਾ ਹੈ ਕਿ ਰਾਗਮਾਲਾ ਕਵੀ ਆਲਮ ਦੇ ਕਿੱਸੇ “ਮਾਧਵ ਨਲ ਕਾਮ ਕੰਦਲਾ” `ਚ ਕੁਝ ਪੰਗਤੀਆਂ ਲੈ ਕੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤੀਆਂ ਸਨ ਤਾਂ ਬਾਣੀ ਦੇ ਪਾਵਨ ਉਪਦੇਸ਼ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ” ਅਮਲ ਕਰਦੇ ਹੋਏ, ਸਮਝੌਤਾ ਵਾਦੀ ਨੀਤੀ ਅਧੀਨ ਕੀਤੇ ਗਏ ਉਸ ਫੈਸਲੇ ਤੇ ਕਿਉਂ ਨਾ ਮੁੜ ਵਿਚਾਰ ਕੀਤੀ ਜਾਵੇ?

ਪੰਥ ਦਰਦੀਓ; ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 1945 ਈ: ਵਿਚ ਬਣਾਈ ਮਰਯਾਦਾ ਬਾਰੇ ਕਈ ਪੱਖਾਂ ਤੋਂ ਮੁੜ ਵਿਚਾਰ ਕਰਨ ਦੀ ਲੋੜ ਹੈ। ਇਸ ਲਈ ਨਿਜ ਤੋਂ ਉਪਰ ਉਠ ਕੇ ਪੰਥਕ ਹਿੱਤਾਂ ਨੂੰ ਮੁਖ ਰੱਖਦੇ ਹੋਏ ਸੁਹਿਰਦ ਯਤਨ ਅਰੰਭ ਕਰਨੇ ਚਾਹੀਦੇ ਹਨ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਪਰਖ ਕਸਵੱਟੀ ਤੇ ਪੂਰੀ ਉਤਰਦੀ, ਪੰਥ ਪ੍ਰਵਾਣਤ ਰਹਿਤ ਮਰਯਾਦਾ ਤਿਆਰ ਕੀਤੀ ਜਾ ਸਕੇ।

Note: Document can take a few seconds [Depend on your Internet Speed] to open, please wait...
To open you have to install Adobe Reader, which you can download from here


 





Poll Test

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Result







ਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form