Change color / Set Jagookhalsa.com your Homepage      
Set as Homepage                  


Jagoo Khalsa

ਜਥੇਦਾਰ ਸਿੰਘ ਸਾਹਿਬ ਗੁਰਦੇਵ ਸਿੰਘ ਕਉਂਕੇ ਦੀ ਸ਼ਹਾਦਤ ਬਿਆਨ ਕਰਦੀ ਰਿਪੋਰਟ

ਬਹੁਤ ਬਹੁਤ ਜ਼ਰੂਰੀ ਸੂਚਨਾ ਅਤੇ ਖਬਰ ਵੱਲੋਂ ਸਿਮਰਨਜੀਤ ਸਿੰਘ ਮਾਨ
ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਬਾਰੇ ਜੋ ਉਨ੍ਹਾ ਦੀ ਸ਼ਹਾਦਤ ਹੋਈ,ਉਸ ਬਾਰੇ ਤਿਵਾੜੀ ਰਿਪੋਰਟ ਬਹੁਤ ਮਿਹਨਤ ਦੇ ਨਾਲ ਹਾਸਿਲ ਕਰ ਲਈ ਹੈ। ਇਸ ਵਿੱਚ ਸਾਫ਼ ਜ਼ਾਹਿਰ ਹੈ ਕਿ ਜਥੇਦਾਰ ਸਿੰਘ ਸਾਹਿਬ ਭਾਈ ਕਾਉਂਕੇ ਦਾ ਕਤਲ ਉਸ ਵੇਲੇ ਦੇ ਡੀਜੀਪੀ ਕੇ.ਪੀ.ਐੱਸ. ਗਿੱਲ ਦੀ ਹਦਾਇਤ ਦੇ ਉੱਤੇ ਹੀ ਕਰਵਾਇਆ ਗਿਆ ਸੀ ਅਤੇ ਉਸ ਵੇਲੇ ਦੇ ਜਗਰਾਓ ਜਿ਼ਲ੍ਹਾ ਪੁਲਿਸ ਦੇ ਐੱਸ.ਐੱਸ.ਪੀ. ਸ਼੍ਰੀ ਸਵਰਨ ਸਿੰਘ ਘੋਟਣਾ ਨੇ ਬਹੁਤ ਤਸੀਹੇ ਦੇ ਕੇ ਉਨ੍ਹਾ ਨੂੰ ਬੇਰਹਿਮੀ ਸ਼ਹੀਦ ਕੀਤਾ। ਇਸ ਰਿਪੋਰਟ ਤੋ ਜ਼ਾਹਿਰ ਹੈ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਸ਼ਹਾਦਤ ਬਾਰੇ ਪੂਰਾ ਗਿਆਨ ਸੀ ਕਿਉਂਕਿ ਸ਼੍ਰੀ ਸਵਰਨ ਸਿੰਘ ਘੋਟਣਾ ਬੁੱਚੜ ਦੇ ਉਨ੍ਹਾ ਨਾਲ ਨਿੱਜੀ ਸਬੰਧ ਸਨ। ਇਹ ਰਿਪੋਰਟ ਆਰ.ਟੀ.ਆਈ ਐਕਟ ਦੇ ਹਵਾਲੇ ਨਾਲ ਸਾਡੀ ਪਾਰਟੀ ਨੇ ਆਪਣੇ ਖਾਸ ਵਿਸ਼ਵਾਸਪਾਤਰ ਤੋਂ ਹਾਸਿਲ ਕਰਵਾਈ ਹੈ ਅਤੇ ਅਸੀਂ ਛੇਤੀ ਹੀ ਹਾਈਕੋਰਟ ਵਿੱਚ ਜਾ ਕੇ ਸੀ.ਬੀ.ਆਈ. ਦੀ ਤਫਤੀਸ ਦੀ ਮੰਗ ਕਰਾਂਗੇ। ਜਦੋਂ ਸ: ਪ੍ਰਕਾਸ਼ ਸਿੰਘ ਬਾਦਲ ਪਹਿਲਾ ਚੀਫ਼ ਮਨਿਸਟਰ ਸਨ ਤਾਂ ਸਾਡੀ ਪਾਰਟੀ ਦੇ ਜਨਰਲ ਸਕੱਤਰ ਭਾਈ ਰਾਮ ਸਿੰਘ ਅਤੇ ਮਨੁੱਖੀ ਅਧਿਕਾਰਾਂ ਦੇ ਉੱਚੀ ਪੱਧਰ ਦੇ ਜਸਟਿਸ ਅਜੀਤ ਸਿੰਘ ਬੈਂਸ, ਮਹਿਰੂਮ ਜਨਰਲ ਨਰਿੰਦਰ ਸਿੰਘ ਢਿੱਲੋਂ ਅਤੇ ਮੈਂ, ਸ: ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਸੈਕਟਰ 2, ਚੰਡੀਗੜ੍ਹ ਵਿੱਚ ਜਾ ਕੇ ਉਨ੍ਹਾ ਨੂੰ ਗੁਜ਼ਾਰਿਸ ਕੀਤੀ ਸੀ ਕਿ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਬਾਰੇ ਜਾਣਕਾਰੀ ਅਤੇ ਤਫਤੀਸ ਕਰਵਾਈ ਜਾਵੇ। ਉਸ ਵੇਲੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਬਤੌਰ ਚੀਫ਼ ਮਨਿਸਟਰ ਹੁੰਦਿਆਂ ਸ਼੍ਰੀ ਬੀ.ਪੀ. ਤਿਵਾੜੀ, ਆਈ.ਪੀ.ਐੱਸ. ਤੋਂ ਇਹ ਇਨਕੁਆਰੀ ਕਰਵਾਈ, ਪਰ ਅੱਜ ਤੱਕ ਸ: ਬਾਦਲ ਇਸ ਨੂੰ ਛੁਪਾਉਂਦੇ ਆਏ ਕਿਉਂਕਿ ਸ਼੍ਰੀ ਤਿਵਾੜੀ ਨੇ ਜੋ ਏ.ਡੀ.ਜੀ.ਪੀ. ਹੋ ਕੇ ਰਿਟਾਇਰ ਹੋਏ ਨੇ ਕਿਸੇ ਨੂੰ ਬਖਸਿ਼ਆ ਨਹੀਂ ਹੈ ਅਤੇ ਸਾਫ਼ ਸਾਫ਼ ਰਿਪੋਰਟ ਦਿੱਤੀ ਹੈ ਕਿ ਜਥੇਦਾਰ ਸਿੰਘ ਸਾਹਿਬ ਭਾਈ ਕਾਉਂਕੇ ਨੂੰ ਕਤਲ ਕੀਤਾ ਗਿਆ ਹੈ ਅਤੇ ਇਹ ਕਤਲ ਅਗਲੀ ਤਫਤੀਸ ਰਾਹੀਂ ਹੀ ਨਿਕਲ ਸਕਦਾ ਹੈ। ਅਸੀਂ ਜਿਉਂ ਦੀ ਤਿਉਂ ਜੋ ਆਰ.ਟੀ.ਆਈ. ਐਕਟ ਦੇ ਅਧੀਨ ਸਾਨੂੰ ਇਹ ਰਿਪੋਰਟ ਪ੍ਰਾਪਤ ਹੋਈ ਹੈ, ਅਸੀਂ ਉਸਨੂੰ ਕੰਪਿਊਟਰ ਉੱਤੇ ਸਕੈਨ ਕਰਕੇ ਅੱਜ ਹੀ ਚਾੜ੍ਹ ਰਹੇ ਹਾਂ ਕਿਉਂਕਿ ਕੋਈ ਪਤਾ ਨਹੀਂ ਹੈ ਕਿ ਸਾਡੇ ਉੱਤੇ ਕਿਹੋ ਜਿਹਾ ਵਿਹਾਰ ਹੋਵੇ ਕਿਉਂਕਿ ਸਾਡੀ ਪਾਰਟੀ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ, ਬਜ਼ੁਰਗ ਮਾਤਾ ਸੁਰਿੰਦਰ ਕੌਰ ਦੇ ਰਿਸ਼ਵਤ ਅਤੇ ਠੱਗੀ-ਠੋਰੀਆਂ ਦੇ ਫੋਜਦਾਰੀ ਕੇਸ ਵਿੱਚ ਜੋ ਬਰੀ ਹੋਏ ਹਨ ਅਤੇ ਜੋ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਕਾਂਗਰਸ ਦੇ ਸਾਬਕਾ ਚੀਫ਼ ਮਨਿਸਟਰ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੱਟੇ-ਸੱਟੇ ਦੀ ਸਿਆਸਤ ਖੇਡੀ ਜਾ ਰਹੀ ਹੈ, ਉਸਨੂੰ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਰਹੇ ਅਤੇ ਉਹ ਵੀ ਕੇਸ ਛੇਤੀ ਹਾਈਕੋਰਟ ਵਿੱਚ ਸੀ ਬੀ ਆਈ ਤਫਤੀਸ ਲਈ ਦਾਖਿਲ ਕਰਵਾ ਰਹੇ ਹਾਂ। ਇਸ ਕਰਕੇ ਅਸੀਂ ਇੱਕਦਮ ਸਿੱਖ ਕੌਮ ਦੀ ਇਤਲਾਹ ਅਤੇ ਵਾਕਫੀਅਤ ਲਈ ਇਹ ਲੂੰ ਖੜ੍ਹੀ ਕਰਨ ਵਾਲੀ ਰਿਪੋਰਟ ਅੱਜ ਹੀ ਆਪਣੀ ਵੈੱਬਸਾਈਟ ਉੱਤੇ ਪਾ ਰਹੇ ਹਾਂ ਕਿਉਂਕਿ ਨਾ ਜਾਣੇ ਜੋ ਕੁਝ ਸਾਡੀ ਪਾਰਟੀ ਸਿੱਖ ਕੌਮ ਦੀ ਹੋਈ ਨਸਲਕੁਸ਼ੀ ਬਾਰੇ ਅਤੇ ਦਰਬਾਰ ਸਾਹਿਬ ਉੱਤੇ 1984 ਵਿੱਚ ਬਲਿਊ ਸਟਾਰ ਹਮਲਾ ਭਾਰਤ ਵੱਲੋ ਕਰਾਉਣ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਨ ਵਿੱਚ ਜੋ ਸ਼ੁਰੂ ਤੋ ਰੜਕਦੀ ਆ ਰਹੀ ਹੈ, ਕੱਲ੍ਹ ਨੂੰ ਕੀ ਸਾਡੇ ਨਾਲ ਬੀਤੇ ਅਤੇ ਜੋ ਸਿੰਘ ਸਾਹਿਬ ਭਾਈ ਕਾਉਂਕੇ ਦੀ ਸ਼ਹਾਦਤ ਦਾ ਸਬੂਤ ਮਿਲਿਆ ਹੈ, ਜੇ ਅੱਜ ਹੀ ਨਹੀਂ ਕੰਪਿਊਟਰ ਉੱਤੇ ਪਾਉਂਦੇ ਕੱਲ੍ਹ ਨੂੰ ਪਤਾ ਨਹੀਂ ਪਾ ਸਕੀਏ ਕਿ ਨਾ। ਇਸ ਕਰਕੇ ਆਓ ਇਹ ਰਿਪੋਰਟ ਸਿੱਖ ਕੌਮ ਪੜ੍ਹੇ ਅਤੇ ਅਗਲੀ ਕਾਰਵਾਈ ਸਾਡੀ ਪਾਰਟੀ ਵੱਲੋਂ ਜੋ ਹਾਈਕੋਰਟ ਵਿੱਚ ਹੋਵੇਗੀ, ਉਸਦੀ ਸਿੱਖ ਕੌਮ ਉਡੀਕ ਕਰੇ। ਇਸ ਰਿਪੋਰਟ ਪੜ੍ਹਣ ਤੋਂ ਬਾਅਦ ਆਪ ਜੀ ਸਾਡੇ ਜਨਰਲ ਸਕੱਤਰ ਸ: ਜਸਕਰਨ ਸਿੰਘ ਦਾ ਬਿਆਨ ਵੀ ਪੜ੍ਹ ਸਕਦੇ ਹੋ, ਜੋ ਸ: ਗੁਰਿੰਦਰਪਾਲ ਸਿੰਘ ਧਨੋਲਾ ਸਾਡੀ ਪਾਰਟੀ ਦੇ ਜਨਰਲ ਸਕੱਤਰ ਨੇ ਆਪਣੇ ਲੇਖ ਵਿੱਚ ਲਿਖਿਆ ਹੈ, ਜੋ ਪਹਿਲਾ ਅਸੀਂ ਆਪਣੀ ਵੈਬਸਾਈਟ ਮਿਤੀ 20 ਨਵੰਬਰ 2009 ਨੂੰ ਪਾਇਆ ਸੀ। ਸ: ਜਸਕਰਨ ਸਿੰਘ ਉਸ ਵੇਲੇ ਸਿੰਘ ਸਾਹਿਬ ਭਾਈ ਕਾਉਂਕੇ ਦੇ ਨਾਲ ਉਸੀ ਥਾਣੇ ਵਿੱਚ ਗ੍ਰਿਫਤਾਰ ਸੀ, ਜਿੱਥੋਂ ਸਿੰਘ ਸਾਹਿਬ ਨੂੰ ਚੁੱਕ ਕੇ ਬੁੱਚੜਾਂ ਨੇ ਅਤੇ ਹਿੰਦ ਹਕੂਮਤ ਨੇ ਸ਼ਹੀਦ ਕਰ ਦਿੱਤਾ ਸੀ। ਅਫਸੋਸ ਹੈ ਕਿ ਕੋਈ ਵੀ ਅਕਾਲ ਤਖਤ ਦੇ ਜਥੇਦਾਰ ਜਾਂ ਤਖਤਾਂ ਦੇ ਜਥੇਦਾਰਾਂ ਨੇ ਸਿੰਘ ਸਾਹਿਬ ਭਾਈ ਕਾਉਂਕੇ ਦੇ ਭਿਆਨਕ ਸ਼ਹਾਦਤ ਬਾਰੇ ਕਦੇ ਵੀ ਕੋਈ ਬਿਆਨ ਜਾਂ ਕੌਸਿ਼ਸ ਨਹੀਂ ਕੀਤੀ ਕਿ ਤਿਵਾੜੀ ਰਿਪੋਰਟ ਜ਼ਾਹਿਰ ਹੋ ਸਕੇ। ਭਾਈ ਸਾਹਿਬ ਗੁਰਦੇਵ ਸਿੰਘ ਕਾਉਂਕੇ ਦੀ ਸ਼ਹਾਦਤ ਤੋਂ ਬਾਅਦ ਬੇਅੰਤ ਸਿੰਘ, ਮਿਸ ਰਜਿੰਦਰ ਕੌਰ ਭੱਠਲ, ਸ: ਹਰਚਰਨ ਸਿੰਘ ਬਰਾੜ, ਸ: ਪ੍ਰਕਾਸ਼ ਸਿੰਘ, ਕੈਪਟਨ ਅਮਰਿੰਦਰ ਸਿੰਘ ਅਤੇ ਹੁਣ ਫਿਰ ਸਰਕਾਰ ਦੇ ਮਾਲਿਕ ਸ: ਪ੍ਰਕਾਸ਼ ਸਿੰਘ ਬਾਦਲ ਬਣੇ ਹੋਏ ਹਨ, ਇਨ੍ਹਾ ਸਾਰੇ ਚੀਫ਼ ਮਨਿਸਟਰਾਂ ਨੇ ਤਿਵਾੜੀ ਰਿਪੋਰਟ ਨੂੰ ਇੰਜ ਲੁਕੋ ਕੇ ਰੱਖਿਆ ਹੈ, ਜਿਵੇਂ ਸਿੱਖ ਕੌਮ ਅਤੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਉਨ੍ਹਾ ਦੇ ਨਿੱਜੀ ਦੁਸ਼ਮਣ ਹੋਣ। ਸਭ ਤੋਂ ਜਿਆਦਾ ਜ਼ੁਲਮ ਹਿੰਦ ਹਕੂਮਤ ਨੇ ਸਿੱਖ ਅਫਸਰਾਂ, ਵਜ਼ੀਰਾਂ ਅਤੇ ਚੀਫ਼ ਮਨਿਸਟਰਾਂ ਤੋਂ ਹੀ ਸਿੱਖਾਂ 'ਤੇ ਕਰਵਾਏ ਹਨ। ਜੋ ਬਾਦਲ ਦਲੀਆਂ, ਬੀਜੇਪੀ, ਆਰ ਐੱਸ ਐਸ, ਕਾਮਰੇਡਾਂ ਅਤੇ ਕਾਂਗਰਸੀਆਂ ਦੀ ਰੋਜ਼ਾਨਾ ਡੱਫਲੀ ਵਜਾਉਂਦੇ ਹਨ, ਉਹ ਹੁਣ ਦੱਸਣ ਕਿ ਉਹ ਕਿਸ ਚਾਅ ਵਿੱਚ ਇਨ੍ਹਾ ਲੋਕਾਂ ਦੀ ਬੰਸਰੀ ਵਜਾਉਂਦੇ ਹਨ? ਕਨਿਸ਼ਕਾ ਕਾਂਡ ਜੋ ਏਅਰ ਇੰਡੀਆ ਦਾ ਹਵਾਈ ਜ਼ਹਾਜ ਕੈਨੇਡਾ ਦੀ ਧਰਤੀ ਤੋਂ ਉਡਾਨ ਭਰ ਕੇ ਆਇਰਸ ਸਮੁੰਦਰ ਦੇ ਵਿੱਚ ਤਬਾਹ ਹੋ ਗਿਆ ਸੀ, ਉਹ ਵੀ ਰਾਜੀਵ ਗਾਂਧੀ ਅਤੇ ਉਸਦੇ ਹਾਕਮਾਂ ਨੇ ਸਿੱਖ ਕੌਮ ਨੂੰ ਦੁਨੀਆ ਵਿੱਚ ਬਦਨਾਮ ਕਰਾਉਣ ਲਈ ਕਰਵਾਇਆ ਸੀ। ਕੀ ਜੋ ਪ੍ਰੈਜ਼ੀਡੈਂਟ ਓਬਾਮਾ ਭਾਰਤ ਆ ਰਹੇ ਹਨ, ਕਦੇ ਪੁੱਛਣਗੇ ਕਿ ਸਿੱਖ ਕੌਮ ਦੀ ਨਸਲਕੁਸ਼ੀ ਦੇ ਮੁਜ਼ਰਿਮ ਅਜੇ ਤੱਕ ਕਟਹਿਰੇ ਵਿੱਚ ਕਿਉਂ ਨਹੀਂ ਖੜ੍ਹੇ ਕੀਤੇ ਗਏ, ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਬਲਿਊ ਸਟਾਰ ਕਿਉਂ ਕਰਵਾਇਆ, ਦਰਬਾਰ ਸਾਹਿਬ ਦੇ ਤੋਸ਼ੇਖਾਨੇ ਤੋਂ ਅਮੁੱਲ ਸਿੱਖਾਂ ਦੇ ਖਜ਼ਾਨੇ ਕਿਉਂ ਭਾਰਤੀ ਫੌਜ ਨੇ ਲੁੱਟੇ ਅਤੇ ਅਜੇ ਤੱਕ ਵਾਪਿਸ ਕਿਉਂ ਨਹੀਂ ਕਰਵਾਏ, ਸਿੱਖ ਪਾਰਲੀਮੈਟ ਐਸ ਜੀ ਪੀ ਸੀ ਦੇ ਇਲੈਕਸ਼ਨ ਜੋ 30 ਅਗਸਤ 2009 ਤੋਂ ਪਹਿਲਾ ਹੋ ਜਾਣੇ ਚਾਹੀਦੇ ਸੀ, ਉਹ ਕਿਉਂ ਨਹੀਂ ਅਜੇ ਤੱਕ ਹੋਏ, ਸਿੱਖਾਂ ਦੀ ਪਾਰਲੀਮੈਂਟ (ਐਸ ਜੀ ਪੀ ਸੀ) ਕਿਸ ਵਜ੍ਹਾ ਨਾਲ ਲੇਮ ਡੱਕ (Lame Duck) ਪਾਰਲੀਮੈਂਟ ਬਣ ਕੇ ਚੱਲ ਰਹੀ ਹੈ? ਜੇ ਪ੍ਰੈਜ਼ੀਡੈਟ ਓਬਾਮਾ ਸਿੱਖ ਕੌਮ ਦੀ ਨਸਲਕੁਸ਼ੀ ਬਾਰੇ ਪੁੱਛਗਿੱਛ ਨਹੀਂ ਕਰਨਗੇ ਅਤੇ ਭਾਰਤ ਨੂੰ ਯੂ.ਐਨ. ਦੀ ਸਕਿਉਰਟੀ ਕੌਸਿਲ ਦਾ ਪਰਮਾਨੈਂਟ ਮੈਬਰ ਬਣਨ ਦਾ ਵਾਅਦਾ ਕਰਨਗੇ ਅਤੇ ਅਸਲਾ, ਬਰਬਾਦੀ ਦੇ ਲਈ ਪ੍ਰਮਾਣੂ 123 ਨਿਊਕਲੀਅਰ ਐਗਰੀਮੈਂਟ ਨੂੰ ਲਾਗੂ ਕਰਨਗੇ ਤਾਂ ਫਿਰ ਪ੍ਰੈਜ਼ੀਡੈਂਟ ਓਬਾਮਾ ਨੂੰ ਸਿੱਖ ਕੌਮ ਇੱਕ ਧਰਮ ਨਿਰਪੱਖ (Secular) ਅਤੇ ਜਮਹੂਰੀਅਤ ਪਸੰਦ ਅਮਰੀਕਾ ਦਾ ਸਦਰ ਵਜੋ ਮਾਨਤਾ ਨਹੀਂ ਦੇਵੇਗੀ ਅਤੇ ਅਸੀਂ ਵਾਅਦੇ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਜੇ ਮਨੁੱਖੀ ਕੀਮਤਾ ਦਾ ਅਤੇ ਇਨ੍ਹਾ ਦੇ ਹੱਕ-ਹਕੂਕਾਂ ਦੀ ਪ੍ਰੈਜ਼ੀਡੈਟ ਓਬਾਮਾ ਨੂੰ ਪ੍ਰਵਾਹ ਨਹੀਂ ਹੈ ਤਾਂ ਫਿਰ ਅਫਗਾਨਿਸਤਾਨ ਦੇ ਵਿੱਚੋਂ ਅਮਰੀਕਾ ਦੀਆ ਫੌਜਾਂ ਉਸੇ ਤਰ੍ਹਾ ਵਾਪਿਸ ਜਾਣਗੀਆਂ ਜਿਵੇਂ ਸਾਈਗੋਨ, ਵੀਅਤਨਾਮ ਵਿੱਚੋਂ ਪਿੱਠ ਦੇ ਕੇ ਅਮਰੀਕਾ ਨੂੰ ਪਰਤੀਆਂ ਸਨ।
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)
ਮਿਤੀ :- 22 ਅਕਤੂਬਰ 2010
ਆ ਲਓ ਪੜ੍ਹੋ, ਅੰਤ ਵਿੱਚ ਕਤਲ ਕਦੇ ਛੁਪਾਏ ਨਹੀਂ ਜਾਂਦੇ, ਖਾਸ ਕਰਕੇ ਸਿੱਖ ਕੌਮ ਦੀ ਨਸਲਕੁਸ਼ੀ :

ਹੁਣ ਪੜ੍ਹੋ ਸ: ਗੁਰਿੰਦਰਪਾਲ ਸਿੰਘ ਧਨੌਲਾ ਪਾਰਟੀ ਦੇ ਜਨਰਲ ਸਕੱਤਰ ਵੱਲੋਂ ਜਥੇਦਾਰ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਦੀ ਸ਼ਹਾਦਤ ਬਾਰੇ ਅਤੇ ਸ: ਜਸਕਰਨ ਸਿੰਘ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਅੱਖੀਂ ਵੇਖਿਆ ਉਨ੍ਹਾ ਦਾ ਹਾਲ ਦਾ ਬਿਆਨ :-
ਪੰਜਾਬ ਦੇ ਬਹੁਚਰਚਿਤ ਸਿੱਖ ਆਗੂਆਂ ਦੀਆਂ ਪੁਲਿਸ ਹਿਰਾਸਤੀ ਮੌਤਾਂ ਵਿਚ ਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਾਂਅ ਪੰਥਕ ਫ਼ਿਜ਼ਾ ਵਿਚ ਗੂੰਜਦਾ ਰਿਹਾ ਹੈ। ਪੁਲਿਸ ਅਤੇ ਸਰਕਾਰੀ ਏਜੰਸੀਆਂ ਵਲੋਂ ਅਣ ਮਨੁਖੀ ਤਸ਼ੱਦਦ ਕਰਨ ਉਪਰੰਤ ਕੋਹ ਕੋਹ ਕੇ ਸ਼ਹੀਦ ਕੀਤੇ ਗਏ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਹਿਰਾਸਤੀ, ਸਰਕਾਰੀ ਕਤਲ ਅਤੇ ਸਿੱਖਾਂ ਦੀ ਨਕਸਲਕੁਸੀ ਦੇ ਇਸ ਕਾਂਡ ਤੇ ਪਰਦਾ ਪਾਉਣ ਲਈ ਅਨੇਕਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਗਈਆਂ ਕਿ ਭਾਈ ਕਾਉਂਕੇ ਪੁਲਿਸ ਦੀ ਜਿਪਸੀ ਵਿਚੋਂ ਮੌਕਾ ਤਾੜ ਕੇ ਭੱਜ ਗਏ ਸਨ। ਪੰਜਾਬ ਪੁਲਿਸ ਜਾਂ ਹੋਰ ਸਰਕਾਰੀ ਏਜੰਸੀਆਂ ਨੇ ਨਾ ਤਾਂ ਅੱਜ ਤੱਕ ਭਗੌੜੇ ਭਾਈ ਕਾਉਂਕੇ ਦੀ ਕਦੇ ਭਾਲ ਕੀਤੀ ਅਤੇ ਨਾ ਹੀ ਉਨ੍ਹਾਂ ਦੇ ਜਿੰਦਾਂ ਜਾਂ ਮੁਰਦਾ ਫੜ੍ਹਾਉਣ ਤੇ ਕੋਈ ਇਨਾਮ ਬਗੈਰਾ ਰੱਖਿਆ ਹੈ। ਜਿਵੇਂ ਛਿੱਟ ਪੁੱਟ ਕੇਸਾਂ ਵਿਚ ਪੁਲਿਸ ਤਸ਼ੱਦਦ ਤੋਂ ਡਰਕੇ ਘਰ ਦਾ ਤਿਆਗ ਕਰਨ ਵਾਲੇ ਲੁਕ ਕੇ ਆਪਣੀ ਜਾਨ ਬਚਾਉਂਦੇ ਫ਼ਿਰਦੇ ਸਿੱਖ ਬੱਚਿਆਂ ਉਪਰ ਕੁਝ ਹੀ ਦਿਨਾਂ ਵਿਚ ਇਹ ਪੁਲਿਸ ਲੱਖਾਂ ਰੁਪਏ ਦੇ ਇਨਾਮ ਐਲਾਨ ਕਰ ਦਿੰਦੀ ਸੀ।

ਸਮੁੱਚਾ ਸਿੱਖ ਜਗਤ ਪਹਿਲਾਂ ਹੀ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਭਾਈ ਸਾਹਿਬ ਪੁਲਿਸ ਹਿਰਾਸਤ ਵਿਚੋਂ ਫਰਾਰ ਹੋ ਗਏ ਹੋਣਗੇ। ਪਰ ਹੁਣ ਸਿੱਖ ਸੰਘਰਸ਼ ਵਿਚ ਅਨੇਕਾਂ ਵਾਰ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਣ ਵਾਲੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਭੇਦਭਰੀ ਗੁੰਮਸੁਦਗੀ ਦਾ ਰਾਜ ਖੋਲ੍ਹਦਿਆਂ ਉਨ੍ਹਾਂ ਤੱਥਾਂ ਨੂੰ ਉਜਾਗਰ ਕਰ ਦਿੱਤਾ ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਜਿਪਸੀ ਵਿਚੋਂ ਭੱਜਣਾ ਤਾਂ ਬੜੀ ਦੂਰ ਦੀ ਗੱਲ ਹੈ। ਭਾਈ ਗੁਰਦੇਵ ਸਿੰਘ ਤਾਂ ਪੁਲਿਸ ਹਿਰਾਸਤ ਵਿਚ ਆਪਣੇ ਪੈਰਾਂ ਤੇ ਖੜਨ ਤੋਂ ਵੀ ਅਸਮਰਥ ਸਨ। ਬੇਅੰਤ ਸਿੰਘ ਦੇ ਜੰਗਲ ਦੇ ਰਾਜ ਵਿਚ ਜਦੋਂ ਪੂਰੀ ਪੰਜਾਬ ਪੁਲਿਸ ਨੂੰ ਕੇ.ਪੀ.ਐਸ. ਗਿੱਲ ਵਰਗੇ ਬੁਚੜ ਡੀ.ਜੀ.ਪੀ. ਦੀ ਕਮਾਂਡ ਹੇਠ ਦਰਿੰਦੇ ਅਤੇ ਖੂਨੀ ਅਫ਼ਸਰਾਂ ਦੇ ਇਕ ਵਿਸ਼ੇਸ਼ ਗਰੋਹ ਨੂੰ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਦੀ ਸਰਕਾਰੀ ਮਨਜ਼ੂਰੀ ਮਿਲੀ ਹੋਈ ਸੀ। ਇਸ ਖੂਨੀ ਗਿਰੋਹ ਦੇ ਮੁਖ ਸਰਗਨੇ ਸਵਰਨ ਘੋਟਨੇ ਨੂੰ ਐਸ.ਐਸ.ਪੀ. ਜਗਰਾਉਂ ਲਗਾਇਆ ਗਿਆ। ਉਸਦੇ ਪ੍ਰਮੁੱਖ ਕਰਿੰਦਿਆਂ ਵਿਚ ਡੀ.ਐਸ.ਪੀ. ਕਮਲਜੀਤ ਸੰਧੂ, ਡੀ.ਐਸ.ਪੀ. ਹਰ2ਗਵਡਨ ਸੋਢੀ ਸ਼ਾਮਿਲ ਸਨ।

ਇਕ ਦਿਨ ਇਹ ਸ਼ਿਕਾਰੀ ਜਦੋਂ ਸਿੱਖ ਗੱਭਰੂਆਂ ਦੇ ਸ਼ਿਕਾਰ ਲਈ ਜਗਰਾਉਂ ਤੋਂ ਨਿਕਲੇ ਤਾਂ ਅਚਾਨਕ ਪਹਿਲਵਾਨ ਢਾਬੇ ਦੇ ਸਾਹਮਣੇ ਭਾਰਤ ਪੈਟਰੋਲੀਅਮ ਕੰਪਨੀ ਦੇ ਪੰਪ ਤੋਂ ਤੇਲ ਪੁਆ ਰਹੇ ਦੋ ਨਿਰਦੋਸ਼ (ਮਾਮੇ-ਭੂਆ ਦੇ ਪੁੱਤਰ) ਇਨ੍ਹਾਂ ਦੀ ਖੂੰਨੀ ਨਜ਼ਰੇ ਚੜ੍ਹ ਗਏ ਪੁਲਿਸ ਦੀਆਂ ਧਾੜਾਂ ਨਾਲ ਭਰੀਆਂ ਜਿਪਸੀਆਂ ਨੇ ਦੋਵਾਂ ਨੌਜੁਆਨਾਂ ਨੂੰ (ਜਿੰਨ੍ਹਾਂ ਵਿਚ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਿਹੜਾ ਕਿ ਪੁਲਿਸ ਦੀਆਂ ਪ੍ਰਸ਼ਾਨੀਆਂ ਤੋਂ ਡਰਦਾ ਲੁਧਿਆਣਾ ਨੇੜਲੇ ਪਿੰਡ ਗਿੱਲ ਵਿਖੇ ਨਾਨਕਿਆਂ ਦੇ ਘਰ ਪਨਾਹ ਲਈ ਬੈਠਾ ਸੀ ਤੇ ਨਾਲ ਹੀ ਮਾਮੇਂ ਦਾ ਮੁੰਡਾ ਨਿਰਭੈ ਸਿੰਘ) ਖੂੰਨੀ ਪੰਜਿਆਂ ਦੀ ਗ੍ਰਿਫ਼ਤ ਵਿਚ ਲੈ ਲਿਆ। ਆਪਣੀ ਸ਼ਨਾਖ਼ਤ ਵਜੋਂ ਭਾਈ ਧਿਆਨ ਸਿੰਘ ਮੰਡ ਮੈਂਬਰ ਪਾਰਲੀਮੈਂਟ ਦਾ ਸੈਕਟਰੀ ਹੋਣ ਜਾਂ ਸਿਆਸੀ ਪਾਰਟੀ ਦਾ ਅਹੁਦੇਦਾਰ ਜਾਂ ਵਰਕਰ ਹੋਣ ਦੀ ਗੱਲ ਵੀ ਪੁਲਿਸ ਤੋਂ ਖਹਿੜਾ ਛੁਡਾਉਣ ਦੇ ਕੰਮ ਨਾ ਆ ਸਕੀ। ਸਗੋਂ ਭੂਤਰੇ ਪੁਲਿਸੀਆਂ ਦੇ ਘਸੁੰਨ ਅਤੇ ਗੰਦੇ ਗਾਲੀ ਗਲੋਚ ਦੀ ਬੁਛਾੜ ਦੌਰਾਨ ਹੀ ਦੋਵੇਂ ‘‘ਬੁਚੜ ਖਾਂਨਾ’’ ਸੀ.ਆਈ.ਸਟਾਫ਼ ਜਗਰਾਉਂ ਦੇ ਵਾੜੇ ਵਿਚ ਜਬਰੀ ਲੈ ਆਂਦੇ। ਪਿਛੇ ਬੰਨੀਆਂ ਬਾਹਵਾਂ, ਰੀੜ੍ਹ ਦੀ ਹੱਡੀ ਵਿਚ ਵਜ੍ਹਦੇ ਠੁੱਡੇ ਤੇ ਰੈਫਲਾਂ ਦੇ ਬੱਟ ਜਿਥੇ ਸਰੀਰ ਨੂੰ ਕਸ਼ਟ ਦੇ ਰਹੇ ਸਨ। ਉਥੇ ਗੰਦੀਆਂ ਗਾਲਾਂ ਅਤੇ ਪੱਗ ਵਾਲੇ ਪੁਲਸੀਆਂ ਦੇ ਮੂੰਹੋਂ ਸਿੱਖੀ ਪ੍ਰਤੀ ਅਪਮਾਣ ਜਨਕ ਬੋਲ ਸੁਣਕੇ ਆਤਮਾ ਵੀ ਤੀਲਾ ਤੀਲਾ ਹੁੰਦੀ ਨਜ਼ਰ ਆਉਂਦੀ ਸੀ। ਘਾਂਬੜ ਪੁਲਸੀਆਂ ਦੇ ਘੜੇ ਮਿਥੇ ਇਕੋ ਸਵਾਲ ਕਿ ‘‘ਤੁਹਾਡਾ ਕਿਹੜੀ ਅੱਤਵਾਦੀ ਜਥੇਬੰਦੀ ਨਾਲ ਸੰਬੰਧ ਹੈ?’’ ਕੌਣ ਤਹਾਡੇ ਘਰ ਪਨਾਹ ਲੈਂਦਾ ਹੈ?’’ ਹਥਿਆਰ ਕਿਥੇ ਛੁਪਾ ਰੱਖੇ ਹਨ?’’ ਕਿੰਨੀ ਵਾਰ ਪਾਕਿਸਤਾਨ ਗਏ ਹੋ?’’ ਕਿਥੋਂ ਪੈਸਾ ਆਉਂਦਾ ਹੈ?’’ ਪਰ ਇਨ੍ਹਾਂ ਸਾਰੀਆਂ ਗੱਲਾਂ ਦਾ ਨਾਂਹ ਵਿਚ ਜੁਆਬ ਸੁਣਕੇ ਕਰੋਧਵਾਨ ਪੁਲਸੀਆ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਹ ਤਾਂ ਮੁਸਲਮਾਨ ਲਗਦਾ ਹੈ। ਇਸਦਾ ਕੱਛਾ ਉਤਾਰਕੇ ਵੇਖੇ, ਕਿਤੇ ਸੁੰਨਤ ਤਾਂ ਨਹੀਂ ਕੀਤੀ ਹੋਈ?’’ ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਨੂੰ ਕਿਸੇ ਦੋਸਤ ਦੇ ਨਾਲ ਉਨ੍ਹਾਂ ਦੇ ਘਰ ਮਿਲੇ ਹੋਣ ਦਾ ਵਾਸਤਾ ਵੀ ਪੁਲਿਸ ਤਸ਼ੱਦਦ ਤੋਂ ਬਚਣ ਦੇ ਕੰਮ ਨਾ ਆ ਸਕਿਆ। ਆਖ਼ਰਕਾਰ ਤਸ਼ੱਦਦ ਦਾ ਕਹਿਰ ਟੁੱਟ ਪਿਆ, ਗਲ ਵਿਚ ਪਹਿਨੀ ਛੋਟੀ ਸਿਰੀ ਸਾਹਿਬ ਦੀ ਡੋਰੀ ਨਾਲ ਪੈਰਾਂ ਦੇ ਅੰਗੂਠੇ ਬੰਨ੍ਹਕੇ ਵਾਲ ਪਿਛੇ ਖਿਚਕੇ ਲੱਤਾਂ ਤੇ ਘੋਟਾ ਲੱਗਣਾ ਸ਼ੁਰੂ ਹੋ ਗਿਆ। ਬੇਹੋਸ਼ੀ ਤੱਕ ਇਹ ਵਰਤਾਰਾ ਜਾਰੀ ਰਿਹਾ। ਹੋਸ਼ ਆਉਣ ਤੇ ਪਹਿਲਾਂ ਤੋਂ ਤਸ਼ੱਦਦ ਦੀ ਮਾਰ ਨਾਲ ਸ਼ਾਂਤ ਹੋਏ ਤਿੰਨਾਂ ਚੋਹਾਂ ਨੌਜੁਆਨਾਂ ਦੇ ਵਿਚ ਆਪਣੇ ਆਪ ਨੂੰ ਪਿਆ ਦੇਖਿਆ। ਇਹ ਸਿਲਸਿਲਾ ਲਗਾਤਾਰ ਕਈ ਦਿਨ ਚੱਲਿਆ, ਤਸ਼ੱਦਦ ਨੇ ਸਰੀਰ ਦੀ ਹਾਲਤ ਵਰ੍ਹਿਆਂ ਦੇ ਰੋਗੀ ਨਾਲੋਂ ਵੀ ਭੈੜੀ ਕਰ ਦਿੱਤੀ। ਮਾਮੇ ਦੇ ਪੁੱਤ ਨੂੰ ਨਾਨਕੇ ਛੁਡਵਾਕੇ ਲੈ ਗਏ। ਪਰ ਜਸਕਰਨ ਸਿੰਘ ਰੱਬ ਦੇ ਰਹਿਮ ਤੇ ਰਹਿ ਗਿਆ।

ਚਸ਼ਮਦੀਦੀ ਬਿਆਨ ਕਰਦਿਆਂ ਜਸਕਰਨ ਨੇ ਭਰੇ ਗਲੇ ਅਤੇ ਲਹੂ ਭਰੀਆਂ ਅੱਖਾਂ ਨਾਲ ਦੱਸਿਆ ਕਿ ਹਫ਼ਤਾਭਰ ਦੀ ਕੁੱਟ ਤੋਂ ਹੈਤਾਸ਼ ਹੋਏ ਨੂੰ ਜਦੋਂ ਸਰੀਰ ਵਿਚੋਂ ਹਿੰਮਤ ਖ਼ਤਮ ਸੀ, ਮੈਨੂੰ ਪਿਸਾਬ ਆਇਆ ਤਾਂ ਚਾਰ ਬਿਨਾਂ ਵਰਦੀ ਪੁਲਸੀਏ ਮੈਨੂੰ ਚੁੱਕ ਕੇ ਬਾਥਰੂਮ ਤੱਕ ਲੈ ਕੇ ਗਏ। ਮੈਥੋਂ ਪਹਿਲਾਂ ਪੰਜ ਛੇ ਆਦਮੀ, ਇਕ ਬੜੇ ਸਡੌਲ ਐਪਰ ਅੱਤ ਨਿਢਾਲ ਜੁੱਸੇ ਵਾਲੇ ਜਥੇਦਾਰ ਨੂੰ ਬਾਥਰੂਮ ਵਿਚੋਂ ਕੱਢ ਰਹੇ ਸਨ ਜਿਸਦੇ ਸਿਰ ਤੇ ਪੀਲਾ ਪਟਕਾ ਬੰਨਿਆਂ ਹੋਇਆ ਸੀ ਜਿਹੜਾ ਉਸਦੀਆਂ ਅੱਖਾਂ ਤੇ ਮੂੰਹ ਤੇ ਡਿੱਗ ਰਿਹਾ ਸੀ। ਪੁਲਸੀਏ ਆਖ਼ ਰਹੇ ਸਨ ਕਿ ਇਸ ਨੂੰ ਨਾ ਤਾਂ ਪਿਸ਼ਾਬ ਆਉਂਦੇ ਹੈ ਤੇ ਨਾ ਹੀ ਟੱਟੀ। ਆਖਰ ਉਸ ਨੂੰ ਲੱਕੜ ਦੀ ਇਕ ਮਘੋਰੇ ਵਾਲੀ ਕੁਰਸੀ ਤੇ ਬਿਠਾ ਦਿੱਤਾ ਗਿਆ ਤੇ ਉਹਦੀ ਗਰਦਨ ਅੱਗੇ ਵੱਲ ਡਿੱਗ ਰਹੀ ਸੀ। ਮੈਂ ਇਕ ਪੁਲਸੀਏ ਨੂੰ ਪੁੱਛਿਆ ਕਿ ਇਹ ਜਥੇਦਾਰ ਕੌਣ ਹੈ?’’ ਹਾਲਾਂਕੇ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਭਾਈ ਗੁਰਦੇਵ ਸਿੰਘ ਕਾਉਂਕੇ ਹਨ। ਪਰ ਪੁਲਸੀਏ ਨੇ ਭੈਣ ਦੀ ਗਾਲ ਕੱਢਕੇ ਕਿਹਾ ਕਿ ‘‘ਤੂੰ ਡੋਡੇ ਲੈਣੇ ਨੇ’’, ਇਥੇ ਨੇੜੇ ਤੇੜੇ ਦਾ ਕੋਈ ਬਾਬਾ ਹੋਉਗਾ। ਉਸ ਵਕਤ ਭਾਈ ਕਾਉਂਕੇ ਦੇ ਸਰੀਰਾਂ ਦਾ ਕੋਈ ਵੀ ਅੰਗ ਕੰਮ ਨਹੀਂ ਕਰ ਰਿਹਾ ਸੀ। ਇਥੋਂ ਤੱਕ ਕਿ ਉਹ ਕੁਝ ਬੋਲਣ ਜਾਂ ਅੱਖਾਂ ਖੋਲ੍ਹਕੇ ਕਿਸੇ ਨੂੰ ਪਹਿਚਾਨਣ ਦੇ ਸਮਰੱਥ ਨਹੀਂ ਸੀ। ਉਨ੍ਹਾਂ ਨੂੰ ਸੀ.ਆਈ.ਏ.ਇੰਸਪੈਕਟਰ ਦੇ ਕਮਰੇ ਵਿਚ ਬੰਦੀ ਬਣਾਕੇ ਰੱਖਿਆ ਹੋਇਆ ਸੀ।

ਜਸਕਰਨ ਅਨੁਸਾਰ ਮੈਂ ਹਾਲੇ ਚਾਰ ਪੁਲਸੀਆਂ ਦੇ ਸਹਾਰੇ ਨਾਲ ਕਮਰੇ ਵਿਚ ਪਹੁੰਚਿਆ ਹੀ ਸਾਂ ਏਨੇ ਚਿਰ ਨੂੰ ਬਘਿਆੜ ਸਵਰਨ ਸਿੰਘ ਘੋਟਨਾ ਸੀ.ਆਈ.ਏ. ਆ ਟਪਕਿਆ ਸਾਰੇ ਫੜ੍ਹੇ ਗਏ ਬੇਗੁਨਾਹਾਂ ਦੀ ਰੇਲ ਦੀਆਂ ਟਿਕਟਾਂ ਲੈਣ ਵਾਂਗੂ ਲਾਈਨ ਲਗਾ ਲਈ ਗਈ। ਧਰਮਰਾਜ ਬਣ ਕੁਰਸੀ ’ਤੇ ਆ ਬੈਠਾ ਘੋਟਨਾ ਬੇਗੁਨਾਹ ਸਿੱਖਾਂ ਦੇ ਜੀਵਨ ਮੌਤ ਦੇ ਫ਼ੈਸਲੇ ਕਰਨ ਲੱਗ ਪਿਆ। ਸਾਹਮਣੇ ਪਈ ਲਿਸਟ ਵੇਖਕੇ ਬੰਦੇ ਦਾ ਨਾਂਅ ਪਤਾ ਪੁੱਛਕੇ ਹੇਠਲੇ ਅਧਿਕਾਰੀਆਂ ਨੂੰ ਹੁਕਮ ਦੇ ਰਿਹਾ ਸੀ ਕਿ ਇਸ ਬੰਦੇ ਤੋਂ ਪੁਛਗਿੱਛ ਕਰੋ। ਇਸਦਾ ਪਤਾ ਤਸਦੀਕ ਕਰੋ। ਕਿਸੇ ਬਾਰੇ ਕਹਿ ਰਿਹਾ ਸੀ ਹੋਰ ਖਿੱਚਕੇ ਤਫ਼ਤੀਸ ਕਰੋ। ਕਿਸੇ ਬਾਰੇ ਕਹਿ ਰਿਹਾ ਸੀ ਇਸਦੀ ਰਿਹਾਇਸ਼ੀ ਜ਼ਿਲ੍ਹੇ ਤੋਂ ਪੜਤਾਲ ਕਰਾਓ। ਕੁਝ ਬੰਦਿਆਂ ਬਾਰੇ ਫੁਰਮਾਨ ਹੋਇਆ ਕਿ ਇਨ੍ਹਾਂ ਨੂੰ ਗੱਡੀ ਚਾੜ੍ਹ ਦਿਓ। ਪਰ ਸਾਰਿਆਂ ਵਿਚੋਂ ਰਿਹਾਈ ਕਿਸੇ ਨੂੰ ਨਸੀਬ ਨਾ ਹੋਈ। ਤਿੰਨਾਂ ਚੌਹਾਂ ਬੰਦਿਆਂ ਤੇ ਤੀਜੇ ਦਰਜੇ ਦਾ ਤਸ਼ੱਦਦ ਕਰਵਾ ਕੇ ਐਸ.ਐਸ.ਪੀ ਘੋਟਨਾ ਤਾਂ ਭਾਵੇਂ ਸੀ.ਆਈ.ਏ.ਸਟਾਫ਼ ਵਿਚੋਂ ਚਲਾ ਗਿਆ। ਪਰ ਲੱਕੜ ਦਾ ਘੋਟਨਾ ਵਾਰੀ ਵਾਰੀ ਸਭ ਦੀਆਂ ਲੱਤਾਂ ਤੇ ਫ਼ਿਰਦਾ ਰਿਹਾ। ਆਖ਼ਰ ਚੀਕਾਂ ਕੂਕਾਂ ਦੇ ਇਸ ਮਾਹੌਲ ਦੇ ਅੰਤਲੇ ਪੜਾਅ ਵਿਚ ਇਕ ਕਰਮਾਂਮਾਰੀ ਸਿੱਖ ਬੀਬੀ ਨੂੰ ਵੀ ਧੂਹ ਕੇ ਮਰਦ ਪੁਲਸੀਆਂ ਨੇ ਸੀ.ਆਈ.ਏ. ਦੇ ਵਿਹੜੇ ਵਿਚ ਅਲਫ਼ ਨੰਗਿਆਂ ਕਰਕੇ ਘੋਟਨਾ ਫੇਰਨਾ ਸ਼ੁਰੂ ਕਰ ਦਿੱਤਾ। ਦੋ ਪੁਲਿਸ ਵਾਲੀਆਂ ਕੁੜੀਆਂ ਛੱਤ ਤੇ ਖਤੌਲੀਆ ਮੂੰਹ ਪਰ੍ਹੇ ਕਰਕੇ ਉਸਦੀਆਂ ਚੀਕਾਂ ਜ਼ਰੂਰ ਸੁਣ ਰਹੀਆਂ ਸਨ। ਅੰਤ ਜ਼ੁਲਮ ਨਾ ਸਹਾਰਦੀ ਉਹ ਬੀਬੀ ਬੇਹੋਸ਼ ਹੋ ਕੇ ਸ਼ਾਂਤ ਹੋ ਗਈ। ਐਨੇ ਚਿਰ ਨੂੰ ਸਾਡੇ ਕਮਰੇ ਵਿਚ ਇਕ ਹੋਰ ਬੰਦਾ ਬਾਹਾਂ ਪਿਛੇ ਬੰਨ੍ਹ ਕੇ ਰੱਸੇ ਰਾਹੀਂ ਛੱਤ ਨਾਲ ਲਟਕਾ ਦਿੱਤਾ ਗਿਆ। ਪੀੜ੍ਹ ਨਾ ਸਹਿੰਦਿਆਂ ਆਖੀਰ ਵਿਚਾਰੇ ਦਾ ਟੱਟੀ ਪਿਸਾਬ ਵੀ ਵਿਚੇਂ ਹੀ ਨਿਕਲ ਗਿਆ ਤੇ ਬੇਸੁਰਤ ਹੋ ਗਿਆ। ਸਾਡੇ ਕੋਲੋਂ ਚੁੱਕ ਕੇ ਉਸ ਨੂੰ ਪਤਾ ਨਹੀਂ ਕਿਥੇ ਲੈ ਗਏ। ਮੁੜਕੇ ਮੈਂ ਉਸ ਨੂੰ ਸੀ.ਆਈ.ਏ ਨਹੀਂ ਵੇਖਿਆ। ਇਸੇ ਸਮੇਂ ਦੌਰਾਨ ਇਕ ਹੋਰ ਲੜਕਾ ਜਿਸ ਨੂੰ ਕਿਸੇ ਸੇਵਾ ਮੁਕਤ ਡੀ.ਐਸ.ਪੀ. ਨੇ ਪੇਸ਼ ਕਰਾਇਆ ਸੀ, ਤਸ਼ੱਦਦ ਕਾਰਨ ਉਸਦੀ ਰੀੜ੍ਹ ਦੀ ਹੱਡੀ ਵਿਚ ਪਏ ਨੁਕਸ ਨੇ ਦੋਵੇਂ ਲੱਤਾਂ ਨਿਕਾਰੀਆਂ ਕਰ ਦਿੱਤੀਆਂ ਸਨ। ਸਾਡੇ ਦੇਖਦਿਆਂ ਹੀ ਇਸ ਪੇਸ਼ ਹੋਏ ਲਚਾਰ ਨੋਜੁਆਨ ਉਪਰ ਵੀ ਪੁਲਿਸ ਦੇ ਪਟਿਆਂ ਦਾ ਕਹਿਰ ਟੁੱਟ ਪਿਆ। ਇਸ ਤਰ੍ਹਾਂ ਹੋਰ ਅਨੇਕਾਂ ਨੌਜੁਆਨਾਂ ਦੀ ਦੁਰਦਸ਼ਾ ਅਤੇ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਪੀੜ੍ਹਾ ਜਨਕ, ਦਰਦਨਾਕ ਅਤੇ ਬੇਵਸੀ ਵਾਲੀ ਹਾਲਤ ਮੈਂ ਕਈ ਦਿਨ ਦੇਖਦਾ ਰਿਹਾ। ਹਰ ਦਿਨ ਭਾਈ ਕਾਉਂਕੇ ਪਹਿਲਾਂ ਨਾਲੋਂ ਨਿਢਾਲ ਹੁੰਦੇ ਨਜ਼ਰ ਆ ਰਹੇ ਸਨ।

ਆਖਰਕਾਰ ਮੇਰੇ ਮਾਤਾ ਪਿਤਾ ਅਤੇ ਕੁਝ ਸਹਿਯੋਗੀਆਂ ਸਰਦਾਰ ਅਵਤਾਰ ਸਿੱਧੂ,ਪ੍ਰੋ: ਸਰੂਪ ਸਿੰਘ ਚੰਡੀਗੜ੍ਹ, ਬਲਵਿੰਦਰ ਸਿੰਘ ਝੰਡੂਵਾਲਾ , ਰਛਪਾਲ ਸਿੰਘ, ਜਥੇਦਾਰ ਊਧਮ ਸਿੰਘ ਤੇ ਕੁਝ ਹੋਰ ਬਾ-ਰਸੂਖ ਵਿਆਕਤੀਆਂ ਦੀ ਹਿੰਮਤ ਨਾਲ ਮੇਰੀ ਰਿਹਾਈ ਦਾ ਸਬੱਬ ਬਣ ਗਿਆ। ਸੀ.ਆਈ ਵਿਚੋਂ ਨਿਕਲਣ ਸਮੇਂ ਮੈਂ ਇਕ ਹੋਮਗਾਰਡ ਵਾਲੇ ਨੂੰ ਪੁੱਛਿਆ ਕਿ ਉਸ ਦਿਨ ਰੱਸੇ ਤੇ ਲਟਕਣ ਵਾਲਾ ਬੰਦਾ ਕੌਣ ਸੀ?’’ ਤਾਂ ਉਸਨੇ ਦੱਸਿਆ ਕਿ ਉਹ ਕਾਉਂਕੇ ਪਿੰਡ ਦਾ ਸਰਪੰਚ ਸੀ ਮੈਂ ਆਪਣੀਆਂ ਅੱਖਾਂ ਨਾਲ ਭਾਈ ਗੁਰਦੇਵ ਸਿੰਘ ਕਾਉਂਕੇ ਤੇ ਰੋਜ਼ਾਨਾ ਕਈ ਵਾਰ ਤਸ਼ੱਦਦ ਹੁੰਦਾ ਵੇਖਿਆ। ਪਰ ਉਸਦੇ ਮੂੰਹ ਤੋਂ ਪੁਲਿਸ ਇਕ ਵੀ ਸ਼ਬਦ ਉਗਲਾਉਣ ਵਿਚ ਕਾਮਯਾਬ ਨਹੀਂ ਹੋ ਸਕੀ।

ਸੀ.ਆਈ.ਏ. ਦੇ ਗੇਟ ਤੇ ਪਹੁੰਚਣ ਤੋਂ ਪਹਿਲਾਂ ਹੀ ਉਥੇ ਭਾਈ ਕਾਉਂਕੇ ਦੀ ਧਰਮਪਤਨੀ ਕਸਟੜ ਵਾਲਾ ਡੱਬਾ ਹੱਥ ਵਿਚ ਲੈ ਕੇ ਖੜ੍ਹੀ ਸੀ। ਉਸ ਵਕਤ ਭਾਈ ਕਾਉਂਕੇ ਕੁਝ ਖਾਣ ਪੀਣ ਦੀ ਹਾਲਤ ਵਿਚ ਨਹੀਂ ਸਨ। ਪੁਲਿਸੀਏ ਉਹ ਕਸਟੜ ਲੈ ਕੇ ਮਜੇ ਨਾਲ ਆਪ ਖਾਣ ਲੱਗੇ ਪਏ। ਮੈ ਭਾਈ ਕਾਉਂਕੇ ਦੀ ਧਰਮਪਤਨੀ ਨੂੰ ਜਾਂਦੇ ਜਾਂਦੇ ਭਾਈ ਸਾਹਿਬ ਦੀ ਅਸਲੀ ਹਾਲਤ ਬਾਰੇ ਦੱਸ ਦਿੱਤਾ ਸੀ। ਇਸੇ ਤਰ੍ਹਾਂ ਬੱਚਿਆਂ ਦੀ ਭਾਲ ਲਈ ਆਏ ਹੋਰ ਬਜ਼ੁਰਗਾਂ ਨੂੰ ਮੈਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਕਿਵੇਂ ਤਸੀਹਿਆ ਦੀ ਮਾਰ ਝੱਲ ਰਹੇ ਹਨ। ਜਦੋਂ ਕਿ ਬਾਹਰ ਖਲੋਤੇ ਪੁਲਿਸੀਏ ਮੂਲੋ ਹੀ ਮੁਕਰ ਰਹੇ ਸਨ ਕਿ ਤੁਹਾਡਾ ਕੋਈ ਬੱਚਾ ਸੀ.ਆਈ.ਏ. ਸਟਾਫ਼ ਵਿਚ ਨਹੀਂ ਹੈ।

ਜਸਕਰਨ ਦੇ ਕਹਿਣ ਅਨੁਸਾਰ ਹਾਲੇ ਮੈਂ ਪੂਰੀ ਤਰ੍ਹਾਂ ਤੁਰਨ ਫ਼ਿਰਨ ਵੀ ਨਹੀਂ ਲੱਗਿਆ ਸੀ ਕਿ ਇਕ ਦਿਨ ਸਵੇਰ ਸਾਰ ਅਖ਼ਬਾਰ ਦੇ ਮੁੱਖ ਪੰਨੇ ਦੀ ਸੁਰਖ਼ੀ ਨੇ ਫ਼ਿਰ ਮੇਰੇ ਸਰੀਰ ਨੂੰ ਪੁਲਿਸ ਹਿਰਾਸਤ ਦੇ ਤਸ਼ੱਦਦ ਨਾਲੋਂ ਕਿਤੇ ਜ਼ਿਆਦਾ ਪੀੜ ਦੇ ਦਿੱਤੀ ਕਿ ‘‘ਭਾਈ ਗੁਰਦੇਵ ਸਿੰਘ ਕਾਉਂਕੇ’’ ਪੁਲਿਸ ਦੀ ਜਿਪਸੀ ਵਿਚੋਂ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਵਿਚ ਸਫ਼ਲ ਹੋ ਗਿਆ, ਉਸ ਸਮੇਂ ਮੇਰੀਆਂ ਅੱਖਾਂ ਸਾਹਮਣੇ ਜਥੇਦਾਰ ਨੂੰ ਛੇ ਪੁਲਸੀਆਂ ਵਲੋਂ ਚੁੱਕ ਕੇ ਮਘੋਰੇ ਵਾਲੀ ਕੁਰਸੀ ਤੇ ਬਿਠਾਏ ਜਾਣ ਦਾ ਸੀਨ ਫ਼ਿਲਮ ਵਾਂਗ ¦ਘ ਰਿਹਾ ਸੀ ਅਤੇ ਭਾਈ ਸਾਹਿਬ ਦੀ ਅੱਗੇ ਵੱਲ ਡਿੱਗੀ ਗਰਦਨ, ਬੇਜ਼ਾਨ ਹੱਥ-ਪੈਰ, ਅੱਧ ਖੁੱਲਿਆ ਮੂੰਹ, ਬੰਦ ਨੇਤਰ ਅਤੇ ਠੰਢੇ ਸਾਹਾ ਦੀ ਖਿਚਵੀਂ ਅਵਾਜ਼ ਮੈਨੂੰ ਉਸ ਅਖਬਾਰੀ ਖ਼ਬਰ ਨੂੰ ਕੈਂਚੀ ਵਾਂਗ ਕੱਟਦੀ ਨਜ਼ਰ ਆ ਰਹੀ ਹੈ ਸੀ ਕਿ ਪੁਲਿਸ ਨੇ ਕਿੱਢਾ ਕੁਫ਼ਰ ਤੋਲਿਆ ਹੈ। ਜਸਕਰਨ ਅਨੁਸਾਰ ਮੈਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨਾਲ ਇਹ ਸਾਰੀ ਗੱਲ ਸਾਂਝੀ ਕੀਤੀ ਤਾਂ ਉਨ੍ਹਾ ਨੇ ਕੁਝ ਸਮੇਂ ਬਾਅਦ ਹੀ ਮੈਨੂੰ ਸ: ਸਿਮਰਨਜੀਤ ਸਿੰਘ ਮਾਨ ਨੇ ਆਪਣੇ ਗ੍ਰਹਿ ਕਿਲ੍ਹਾ ਸ: ਹਰਨਾਮ ਸਿੰਘ ਵਿਖੇ ਮਨੁੱਖੀ ਅਧਿਕਾਰਾਂ ‘ਤੇ ਕੰਮ ਕਰ ਰਹੀ ਜਥੇਬੰਦੀ “ਏਸ਼ੀਆ ਵਾਚ” ਦੇ ਨੁਮਾਇੰਦਿਆ ਦੇ ਸਾਹਮਣੇ ਵੀ ਪੇਸ਼ ਕੀਤਾ। ਜਿਨ੍ਹਾ ਨੂੰ ਮੈਂ ਇਹ ਸਾਰੀ ਹਕੀਕਤ ਤੋਂ ਜਾਣੂ ਕਰਵਾਇਆ ਸੀ। ਯਾਦ ਰਹੇ ਕਿ ਸ: ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਸਤਿਕਾਰਯੋਗ ਪਿਤਾ ਸ: ਅਜੈਬ ਸਿੰਘ ਨੂੰ ਵੀ ਫਿਰੌਜ਼ਪੁਰ ਪੁਲਿਸ ਨੇ ਹਫਤਾ ਭਰ ਅਣਮਨੁੱਖੀ ਤਸ਼ੱਦਦ ਕਰਕੇ ਨਕਾਰਾ ਕਰ ਦਿੱਤਾ ਸੀ।

ਜਸਕਰਨ ਦੇ ਮੂੰਹ ਤੋਂ ਇਹ ਹਕੀਕਤ ਸੁਣਕੇ ਇਕ ਵਾਰ ਫ਼ਿਰ ਸਿੱਖਾਂ ਦੀ ਨਸਲਕੁਸੀ ਦੇ ਖੂਨੀ ਕਾਂਡ ਦਾ ਇਹ ਅਧਿਆਏ ਮੁੜ ਤੋਂ ਨਜ਼ਰਸਾਨੀ ਦੀ ਮੰਗ ਕਰਨ ਲੱਗ ਪਿਆ ਹੈ। ਜਮੀਰ ਵਿਹੁਣੇ, ਕੌਮੀ-ਘਾਤੀ ਲੀਡਰਾਂ ਦੇ ਅਵੇਸਲੇ ਪਣ ਅਤੇ ਸਮੇਂ ਦੀਆਂ ਸਰਕਾਰਾਂ ਦੇ ਕਹਿਰ ਦੀ ਇਸ ਅੱਗ ਵਿਚ ਝੁਲਸ ਗਏ ਅਨੇਕਾਂ ਉਨ੍ਹਾਂ ਮਹਾਨ ਕੌਮੀ ਨਾਇਕਾ ਦੇ ਅੰਤਲੇ ਅਸਥਾਨ ਅਤੇ ਸਰੀਰਾਂ ਦੇ ਅੰਤ ਦਾ ਹਿਸਾਬ ਕਿਤਾਬ ਲੈਣ ਲਈ ਕੌਮ ਨੂੰ ਜਾਗਣਾ ਪਵੇਗਾ। ਲਹੂ ਭਿੱਜੀਆਂ ਖਾਕੀ ਵਰਦੀਆਂ ਅਤੇ ਸੇਵਾ ਮੁਕਤ ਹੋਏ ਬੁਚੜ ਕਿਰਦਾਰ ਵਾਲੇ ਲੋਕਾਂ ਨੂੰ ਕਾਨੂੰਨੀ ਕਟਹਿਰੇ ਵਿਚ ਖੜ੍ਹੇ ਕਰਕੇ ਸਜ਼ਾਵਾਂ ਦਿਵਾਉਣ ਲਈ ਸੰਸਾਰਕ ਪੱਧਰ ਤੇ ਇਸ ਤਰ੍ਹਾਂ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਪ੍ਰਚਾਰਣਾ ਹੋਵੇਗਾ। ਪ੍ਰਣ ਕਰਨਾਂ ਪਵੇਗਾ ਕਿ ਨਿਆਂ ਮਿਲਨ ਤੱਕ ਸੰਘਰਸ਼ ’ਚ ਖੜੌਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਯਾਦ ਰੱਖਣਾ ਪਵੇਗਾ ਤਾਂ ਕਿ ਅਜਿਹੇ ਸਿੱਖ ਸੰਘਰਸ਼ ਦੇ ਨਾਇਕਾਂ ਲਈ ਸਦੀਆਂ ਪਿਛੋਂ ਵੀ ਆਵਾਜ਼ ਆਉਂਦੀ ਰਹੇ ਕਿ-
ਥਾ ਜ਼ਮਾਨਾ ਬੇਤਾਬ, ਜਿਸੇ ਮਿਟਾਨੇਂ ਕੇ ਲੀਏ।
ਮੈਨੇਂ ਉਸ ਯਾਦ ਕੋ ਸੀਨੇ ਸੇ ਲਗਾ ਰੱਖਾ ਹੈ॥
ਲੇਖ਼ਕ -
ਜਥੇਦਾਰ ਗੁਰਿੰਦਰਪਾਲ ਸਿੰਘ ਧਨੌਲਾ


ਅਗਰ ਤੁਹਾਨੂੰ ਅਸਲੀ ਰਿਪੋਰਟ ਪੜ੍ਹਨ ਵਿੱਚ ਮੁਸ਼ਕਲ ਪੇਸ਼ ਆਉਦੀਂ ਹੈ ਤਾਂ ਤੁਸੀ ਇਹ ਟਾਇਪ ਕਰੀ ਸਾਫ ਰਿਪੋਰਟ (True Copy)ਪੜ੍ਹੋ ਜੀ
ਤਿਵਾੜੀ ਰਿਪੋਰਟ
ਵੱਲੋਂ
ਇੰਸਪੈਕਟਰ ਜਨਰਲ ਆਫ਼ ਪੁਲਿਸ ਕਰਾਈਮ,
ਕਮ-ਲੋਕ ਸੂਚਨਾ ਅਫਸਰ, ਪੰਜਾਬ, ਚੰਡੀਗੜ੍ਹ।
ਨੰ: 20373 ਸੀ.ਆਰ.ਐਲ.ਏ. 1 ਮਿਤੀ 12/10/10
ਵਿਸ਼ਾ : ਸੂਚਨਾ ਦੇ ਅਧਿਕਾਰ ਐਕਟ – 2005 ਅਧੀਨ ਸੂਚਨਾ ਦੇਣ ਬਾਰੇ।
ਯਾਦ ਪੱਤਰ:
ਹਵਾਲਾ ਆਪ ਵੱਲੋਂ ਦਿੱਤੀ ਦਰਖਾਸਤ ਮਿਤੀ 12/8/10 ਵਿਸ਼ਾ ਉਪਰੋਕਤ ਦੇ ਸਬੰਧ ਵਿੱਚ।
2. ਆਪ ਦੀ ਮੰਗ ਅਨੁਸਾਰ ਸ਼੍ਰੀ ਬੀ.ਪੀ. ਤਿਵਾੜੀ ਆਈ.ਪੀ.ਐੱਸ. ਵੱਲੋ ਕੀਤੀ ਪੜਤਾਲ ਦੀ ਰਿਪੋਰਟ ਜਿਸਦੇ 7 ਪੰਨੇ ਹਨ, ਭੇਜੀ ਜਾਂਦੀ ਹੈ।
3. ਸ਼੍ਰੀ ਜੇ.ਪੀ. ਵਿਰਦੀ ਆਈ.ਪੀ.ਐੱਸ. ਵੱਲੋ ਕੀਤੀ ਪੜਤਾਲ ਦੀ ਰਿਪੋਰਟ ਸਬੰਧੀ ਇੰਟੈਲੀਜੈਂਸ ਵਿੰਗ ਨੂੰ ਲਿਖਿਆ ਜਾ ਰਿਹਾ ਹੈ।
ਇੰਸਪੈਕਟਰ ਜਨਰਲ ਆਫ਼ ਪੁਲਿਸ ਕਰਾਈਮ,
ਕਮ-ਲੋਕ ਸੂਚਨਾ ਅਫਸਰ, ਪੰਜਾਬ, ਚੰਡੀਗੜ੍ਹ।
__________________________________________________ ਵਿਸ਼ਾ :- ਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਸਾਈਮ ਮੁਕਾਮ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਸਬੰਧੀ।
ਹਵਾਲਾ ਆਪ ਜੀ ਦੇ ਦਫਤਰ ਦੇ ਨੰਬਰ 265/ਪੀਐੱਸ/ਡੀਜੀਪੀ/ਪੰਜਾਬ-98 (ਆਰ) ਮਿਤੀ 7/6/90 ਦੇ ਸਬੰਧ ਵਿੱਚ।
2. ਸੰਖੇਪ ਵਿੱਚ ਦੋਸ਼ ਇਹ ਹੈ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਸਾਬਕਾ ਕਾਈਮ ਮੁਕਾਮ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਗੈਰ ਕਾਨੂੰਨੀ ਤੌਰ ‘ਤੇ ਮਿਤੀ 25/12/92 ਨੂੰ ਉਸ ਦੇ ਪਿੰਡੋਂ ਗ੍ਰਿਫਤਾਰ ਕੀਤਾ ਗਿਆ। ਮਿਤੀ 25/12/92 ਤੋਂ 1/1/93 ਤੱਕ ਗੈਰ ਕਾਨੂੰਨੀ ਢੰਗ ਨਾਲ ਪੁਲਿਸ ਹਿਰਾਸਤ ਵਿੱਚ ਰੱਖ ਕੇ ਤਸੀਹੇ ਦੇ ਕੇ ਮਾਰ ਦਿੱਤਾ ਗਿਆ।
3. ਮਾਨਯੋਗ ਮੁੱਖ ਮੰਤਰੀ ਜੀ ਪੰਜਾਬ ਨੇ ਮਿਤੀ 6/6/98 ਨੂੰ ਇਹ ਇਨਕੁਆਰੀ 3 ਮਹੀਨੇ ਵਿੱਚ ਪੂਰੀ ਕਰਨ ਦਾ ਹੁਕਮ ਦਿੱਤਾ ਸੀ ਜਦੋ ਕਿ ਮੈ ਏ.ਡੀ.ਜੀ.ਪੀ. ਟ੍ਰੇਨਿੰਗ ਲੱਗਾ ਹੋਇਆ ਸੀ ਅਤੇ ਪ੍ਰਸਨਲ ਸਟਾਫ਼ ਦੀ ਬਹੁਤ ਘਾਟ ਸੀ, ਸਿਰਫ਼ ਸ਼੍ਰੀ ਹਰਤੇਜ ਸਿੰਘ ਸੇਖੋਂ ਹੁਣ ਐਸ.ਪੀ.ਡੀ. ਖੰਨਾ ਨੂੰ ਮੇਰੇ ਨਾਲ ਸਹਿਯੋਗ ਦੇਣ ਲਈ ਮੁਕੱਰਰ ਕੀਤਾ ਗਿਆ ਸੀ। ਮਿਤੀ 30/7/98 ਨੂੰ ਮੈ ਪਿੰਡ ਕਾਉਕੇ ਕਲਾਂ ਪੁਲਿਸ ਜਿਲ੍ਹਾ ਜਗਰਾਓ, ਸੀਆਈਏ ਸਟਾਫ ਅਤੇ ਪਿੰਡ ਕੰਨੀਆ ਜਿੱਥੋ ਕਿ ਭਾਈ ਗੁਰਦੇਵ ਸਿੰਘ ਕਾਉਕੇਂ ਕਲਾ ਪੁਲਿਸ ਅਤੇ ਅੱਤਵਾਦੀਆਂ ਦੇ ਮੁਕਾਬਲੇ ਵਿੱਚੋਂ ਭੱਜਣ ਵਿੱਚ ਸਫਲ ਹੋਇਆ ਸੀ।

ਭਾਈ ਗੁਰਦੇਵ ਸਿੰਘ ਜਥੇਦਾਰ ਕਾਉਕੇ ਕਲਾਂ ਦੇ ਸਬੰਧ ਵਿੱਚ ਮੈਨੂੰ ਜੋ ਇਨਕੁਆਰੀ ਹਾਸਿਲ ਹੋਈ ਸੀ ਇਸਦੀ ਇਨਕੁਆਰੀ ਮੈ 20/7/98 ਨੂੰ ਪਿੰਡ ਕਾਉਕੇ ਕਲਾਂ ਜਾ ਕੇ ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਅਤੇ ਥਾਣਾ ਜਗਰਾਓ ਸੀਆਈਏ ਸਟਾਫ ਅਤੇ ਪਿੰਡ ਕੰਨੀਆ ਦੀ ਉਹ ਜਗ੍ਹਾ ਜਿੱਥੇ ਕਿ ਗੁਰਦੇਵ ਸਿੰਘ ਕਾਉਂਕੇ ਪੁਲਿਸ ਹਿਰਾਸਤ ਵਿੱਚੋਂ ਭੱਜਣਾ ਦੱਸਿਆ ਜਾਂਦਾ ਹੈ ਦਾ ਮੌਕਾ ਮੁਲਾਜ਼ਾ ਕੀਤਾ ਤਾਂ।
1. ਇਸ ਇਨਕੁਆਰੀ ਦੇ ਵਿੱਚ ਦਰਸ਼ਨ ਸਿੰਘ ਸਾਬਕਾ ਸਿਪਾਹੀ ਪੰਜਾਬ ਪੁੱਤਰ ਭਜਨ ਸਿੰਘ ਜਾਤ ਨਾਈ ਵਾਸੀ ਹਠੂਰ ਥਾਣਾ ਜਗਰਾਓ ਦਾ ਬਿਆਨ ਲਿਖਿਆ ਗਿਆ। ਦਰਸ਼ਨ ਸਿੰਘ ਨੇ ਆਪਣੇ ਬਿਆਨ ਜੋ ਹਿਊਮਨ ਰੲਾਟਿਸ ਪਾਸ ਦਿੱਤਾ ਸੀ, ਉਸ ਵਿੱਚ ਉਸ ਨੇ ਕਿਹਾ ਸੀ ਕਿ ਗੁਰਦੇਵ ਸਿੰਘ ਕਾਉਕੇ ਨੂੰ ਮਿਤੀ 20/12/92 ਨੂੰ ਜਗਰਾਓ ਦੀ ਪੁਲਿਸ ਪਿੰਡ ਕਾਉਕੇ ਤੋ ਲੈ ਗਈ ਸੀ। ਦਰਸ਼ਨ ਸਿੰਘ ਨੇ ਇਹ ਵੀ ਜਾਹਿਰ ਕੀਤਾ ਕਿ ਮੈ ਹਰ ਰੌਜ਼ ਦੀ ਤਰ੍ਹਾ ਸੀ ਆਈ ਏ ਸਟਾਫ ਵਿੱਚ ਭੁੱਕੀ ਪੋਸਤ ਲੈਣ ਜਾਂਦਾ ਸੀ। ਇਸ ਕਰਕੇ ਦਰਸ਼ਨ ਸਿੰਘ ਦੇ ਖਿਲਾਫ ਭੁੱਕੀ ਲਿਆਉਣ ਬਾਰੇ ਐਨ.ਡੀ.ਪੀ. ਐਕਟ ਥੱਲੇ ਕਾਰਵਾਈ ਹੋਣੀ ਚਾਹੀਦੀ ਸੀ। ਪਰ ਹੁਣ ਦਰਸ਼ਨ ਸਿੰਘ ਆਪਣੇ ਇਕਬਾਲੀਆ ਬਿਆਨ ਤੋ ਮੁੱਕਰ ਗਿਆ ਹੈ ਅਤੇ ਹੁਣ ਦਰਸ਼ਨ ਸਿੰਘ ਪਾਸੋ ਭੁੱਕੀ ਪੋਸਤ ਬਰਾਮਦ ਨਹੀਂ ਹੋ ਸਕਦੀ। ਇਸ ਕਰਕੇ ਦਰਸ਼ਨ ਸਿੰਘ ਦੇ ਖਿਲਾਫ਼ ਐਨ.ਡੀ.ਪੀ ਐਕਟ ਥੱਕੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਦਰਸ਼ਨ ਸਿੰਘ ਮਿਤੀ 11/11/92 ਨੂੰ ਪੁਲਿਸ ਲਾਈਨ ਬਦਲੀ ‘ਤੇ ਜਾ ਚੁੱਕਾ ਸੀ ਜੋ ਪਹਿਲਾ ਸਿਟੀ ਜਗਰਾਓ ਵਿੱਚ ਲੱਗਿਆ ਹੋਇਆ ਸੀ। ਦਰਸ਼ਨ ਸਿੰਘ ਨੇ ਜੋ ਬਿਆਨ ਪਹਿਲਾ ਹਿਊਮਨ ਰੲਾਟਿਸ ਪਾਸ ਲਿਖਾਇਆ ਸੀ। ਉਸ ਬਿਆਨ ਨੂੰ ਬਦਲ ਕੇ ਮੇਰੇ ਪਾਸ ਮਿਤੀ 10/7/98 ਨੂੰ ਇਨਕੁਆਰੀ ਦੇ ਸਮੇਂ ਹੋਰ ਬਿਆਨ ਲਿਖਾਇਆ, ਜੋ ਮੇਲ ਨਹੀਂ ਖਾਂਦਾ ਅਤੇ ਇਹ ਵੀ ਲਿਖਾਇਆ ਕਿ ਦਰਸ਼ਨ ਸਿੰਘ ਦੇ ਬਿਆਨ ਦਾ ਬਾਰ ਬਾਰ ਬਦਲਣ ਕਾਰਨ ਉਸ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਕਿਹੜਾ ਬਿਆਨ ਸੱਚਾ ਹੈ।
2. ਗੁਰਮੇਲ ਕੌਰ ਪਤਨੀ ਸਵ: ਸ: ਗੁਰਦੇਵ ਸਿੰਘ ਕਾਉਕੇ ਨੇ ਆਪਣੇ ਬਿਆਨ ਵਿੱਚ ਤਹਰੀਰ ਕਰਵਾਇਆ ਕਿ 25/12/92 ਨੂੰ ਭਾਈ ਗੁਰਦੇਵ ਸਿੰਘ ਕਾਉਕੇ ਕਲਾਂ ਨੂੰ ਗੁਰਮੀਤ ਸਿੰਘ ਇੰਸਪੈਕਟ ਐਸ.ਐਚ.ਓ. ਜਗਰਾਓਸਮੇਤ ਪਾਰਟੀ ਨੇ ਆਪਣੀ ਜਿਪਸੀ ਵਿੱਚ ਪਿੰਡ ਕਾਉਕੇ ਤੋਂ ਬਿਠਾ ਕੇ ਲੈ ਗਏ ਸਨ। ਉਸ ਸਮੇਂ ਮੇਰੇ ਲੜਕੇ ਰਾਮ ਸਿੰਘ, ਹਰੀ ਸਿੰਘ ਹਾਜਿ਼ਰ ਸਨ, ਜਦੋ ਗੁਰਦੇਵ ਸਿੰਘ ਨੂੰ ਗੁਰਮੀਤ ਸਿੰਘ ਇੰਸਪੈਕਟਰ ਜੀਪ ਵਿੱਚ ਬਿਠਾ ਰਿਹਾ ਸੀ। ਉਸ ਵਕਤ ਕਰੀਬ ਪਿੰਡ ਦੇ 200 ਆਦਮੀ ਹਾਜਿ਼ਰ ਸਨ। ਇਨ੍ਹਾ ਬਾਰੇ 40 ਵਿਅਕਤੀਆਂ ਨੇ ਬਿਆਨ ਤਹਿਰੀਜ ਕਰਵਾਏ ਹਨ। ਉਸ ਤੋ ਬਾਅਦ ਗੁਰਮੇਲ ਕੌਰ ਆਪਣੇ ਬੇਟੇ ਹਰੀ ਸਿੰਘ, ਰਾਮ ਸਿੰਘ ਅਤੇ ਪਿੰਡ ਦੇ ਹੋਰ ਆਦਮੀਆਂ ਨਾਲ ਥਾਣਾ ਜਗਰਾਓ ਸੀ ਆਈ ਏ ਸਟਾਫ ਜਗਰਾਓ ਖਾਣਾ ਅਤੇ ਕੱਪੜੇ ਦੇਣ ਲਈ ਆਉਂਦੀ ਰਹਿੰਦੀ ਸੀ। ਮਿਤੀ 20/12/1992 ਨੂੰ ਜਗਰਾਓ ਪੁਲਿਸ ਭਾਈ ਗੁਰਦੇਵ ਸਿੰਘ ਨੂੰ ਉਸਦੇ ਘਰੋਂ ਲੈ ਆਈ ਸੀ, ਉਸ ਦਿਨ ਭਾਈ ਗੁਰਦੇਵ ਸਿੰਘ ਦਾ ਦੋਹਤਾ ਜੋ 7 ਦਿਨ ਦਾ ਸੀ, ਦੀ ਮੌਤ ਹੋ ਗਈ ਸੀ, ਜਦੋਂ ਜਥੇਦਾਰ ਗੁਰਦੇਵ ਸਿੰਘ ਨੂੰ ਪੁਲਿਸ ਨੇ ਥਾਣੋਂ ਲੈ ਆਂਦਾ ਤਾਂ ਪਿੰਡ ਦੇ ਲੋਕਾਂ ਦੇ ਕਹਿਣ ਪਰ ਕਿ ਗੁਰਦੇਵ ਸਿੰਘ ਕਾਉਕੇ ਦਾ ਦੋਹਤਾ ਮਰ ਗਿਆ ਹੈ। ਇਸਦਾ ਸੰਸਕਾਰ ਕਰਨਾ ਹੈ, ਛੱਡ ਦਿੱਤਾ ਜਾਵੇ। ਪਿੰਡ ਦੇ ਲੋਕਾਂ ਦੇ ਕਹਿਣ ‘ਤੇ ਗੁਰਦੇਵ ਸਿੰਘ ਨੂੰ ਛੱਡ ਦਿੱਤਾ। ਮਿਤੀ 26/12/92 ਨੂੰ ਗੁਰਮੇਲ ਕੌਰ ਖਾਣਾ ਤਿਆਰ ਕਰਕੇ ਇੱਕ ਮਾਈ ਦੇ ਨਾਲ ਖਾਣਾ ਲੈ ਕੇ ਗਈ ਸੀ, ਉਸ ਮਾਈ ਨੇ ਖਾਣਾ ਅੰਦਰ ਜਾ ਕੇ ਭਾਈ ਗੁਰਦੇਵ ਸਿੰਘ ਨੂੰ ਥਾਣੇ ਵਿੱਚ ਇੱਕਲੀ ਨੇ ਦੇ ਦਿੱਤਾ। ਗੁਰਮੇਲ ਕੌਰ ਨੂੰ ਪੁਲਿਸ ਵਾਲਿਆਂ ਨੇ ਅੰਦਰ ਜਾਣ ਨਹੀਂ ਦਿੱਤਾ। ਮਾਈ ਨੇ ਗੁਰਮੇਲ ਕੌਰ ਨੂੰ ਬਾਹਰ ਆ ਕੇ ਦੱਸਿਆ ਕਿ ਮੈ ਥਾਣੇ ਅੰਦਰ ਭਾਈ ਗੁਰਦੇਵ ਸਿੰਘ ਨੂੰ ਖਾਣਾ ਦੇ ਕੇ ਆਈ ਹਾਂ। ਜਿਸਦੀ ਹਾਲਤ ਮਾੜੀ ਹੈ। ਗੁਰਮੇਲ ਕੌਰ ਸਮੇਤ ਆਪਣੇ ਬੇਟੇ ਹਰੀ ਸਿੰਘ, ਰਾਮ ਸਿੰਘ ਪਿੰਡ ਦੇ ਹੋਰ ਪੁਰਸ਼ਾਂ ਨਾਲ ਭਾਈ ਗੁਰਦੇਵ ਸਿੰਘ ਨੂੰ ਥਾਣਾ/ ਸੀ ਆਈ ਏ ਜਗਰਾਓ ਖਾਣਾ ਅਤੇ ਕੱਪੜੇ ਦੇਣ ਜਾਂਦੀ ਸੀ।
3. ਮਹਿੰਦਰ ਸਿੰਘ ਪੁੱਤਰ ਗੁਲਜ਼ਾਰਾ ਸਿੰਘ ਪੱਤੀ ਕਾ ਦਾ ਕਾਉਕੇ ਨੇ ਆਪਣੇ ਬਿਆਨ ਦਿੱਤੇ ਤਹਰੀਰ ਕਰਵਾਇਆ ਹੈ ਕਿ ਮਿਤੀ 25/12/92 ਨੂੰ ਗੁਰਮੀਤ ਸਿੰਘ ਇੰਸਪੈਕਟਰ ਐਸ ਐਚ ਓ ਜਗਰਾਓ ਸਮੇਤ ਪਾਰਟੀ ਗੁਰਦੁਆਰੇ ਕਾਉਕੇ ਕਲਾਂ ਆਇਆ, ਗੁਰਦੁਆਰੇ ਨੂੰ ਘੇਰਾ ਪਾ ਲਿਆ ਗੁਰਦੁਆਰੇ ਅੰਦਰ ਭਾਈ ਗੁਰਦੇਵ ਸਿੰਘ ਕਥਾ ਕਰ ਰਿਹਾ ਸੀ। ਗੁਰਦੁਆਰੇ ਦੇ ਅੰਦਰੋਂ ਗੁਰਦੇਵ ਸਿੰਘ ਨੂੰ ਬਾਹਰ ਬੁਲਾ ਲਿਆ ਅਤੇ ਨਾਲ ਚੱਲਣ ਲਈ ਕਿਹਾ ਭਾਈ ਗੁਰਦੇਵ ਸਿੰਘ ਕਾਉਕੇ ਨੇ ਕਿਹਾ ਪਹਿਲਾ ਘਰ ਜਾਣਾ ਹੈ, ਗੁਰਦੁਆਰੇ ਵਿੱਚੋ ਭਾਈ ਗੁਰਦੇਸ ਸਿੰਘ ਸਮੇਤ 200 ਬੰਦਿਆਂ ਨੇ ਨਾਲ ਘਰ ਆ ਗਿਆ ਅਤੇ ਉਸ ਦੇ ਘਰ ਸਾਰੀ ਸੰਗਤ ਦੇ ਸਾਹਮਣੇ ਅਤੇ ਘਰ ਦਿਆ ਦੇ ਸਾਹਮਣੇ ਗੁਰਮੀਤ ਸਿੰਘ ਇੰਸਪੈਕਟਰ ਜਿਪਸੀ ਵਿੱਚ ਸਮੇਤ ਪੁਲਿਸ ਪਾਰਟੀ ਭਾਈ ਗੁਰਦੇਵ ਸਿੰਘ ਕਾਉਕੇ ਨੂੰ ਬਿਠਾ ਕੇ ਲੈ ਗਿਆ। ਇਸ ਬਾਰੇ ਕਰੀਬ 40 ਬੰਦਿਆਂ ਦਾ ਸਾਝਾ ਵੀ ਲਿਖਿਆ ਹੈ। ਇਸ ਤਰ੍ਹਾ 200 ਬੰਦਿਆਂ ਦੇ ਸਾਹਮਣੇ ਪੁਲਿਸ ਭਾਈ ਗੁਰਦੇਵ ਸਿੰਘ ਨੂੰ ਲੈ ਗਈ ਜਿਸਨੂੰ ਝੂਠਾ ਨਹੀਂ ਆਖਿਆ ਜਾ ਸਕਦਾ।
4. ਹਰਚੰਦ ਸਿੰਘ ਪੁੱਤਰ ਨਰੰਜਣ ਸਿੰਘ ਦਰਜੀ ਵਾਸੀ ਚੂਹੜਚੱਕ ਨੇ ਦੱਸਿਆ ਹੈ ਕਿ ਸਵੇਰੇ 6 ਵਜੇ ਹਰਭਗਵਾਨ ਸਿੰਘ ਡੀ.ਐੱਸ.ਪੀ. ਜਗਰਾਓ ਉਸ ਨੂੰ ਪਿੰਡ ਚੂਹੜਚੱਕ ਤੋ ਚੁੱਕ ਕੇ ਸੀ ਆਈ ਏ ਸਟਾਫ ਲੈ ਆਇਆ ਸੀ। ਜਿੱਥੇ ਕਿ ਭਾਈ ਗੁਰਦੇਵ ਸਿੰਘ ਕਾਉਕੇ ਕਲਾਂ ਸੀ ਆਈ ਏ ਵਿੱਚ ਹਾਜਿ਼ਰ ਸੀ। ਉਸ ਦੇ ਸਾਹਮਣੇ ਉਸ ਦੀ ਅਤੇ ਭਾਈ ਗੁਰਦੇਵ ਸਿੰਘ ਕਾਉਕੇ ਦੀ ਤਫਤੀਸ ਹੁੰਦੀ ਰਹੀ। ਉਸਦੀ ਤਫਤੀਸ ਦੌਰਾਨ ਮਾਰਕੁੱਟ ਸਵਰਨ ਸਿੰਘ ਐੱਸ.ਐੱਸ.ਪੀ. ਕਮਲਜੀਤ ਸਿੰਘ ਡੀ.ਐੱਸ.ਪੀ.,ਹਰਭਗਵਾਨ ਸਿੰਘ ਡੀ.ਐੱਸ.ਪੀ, ਏ.ਐਸ ਆਈ. ਚੰਨਣ ਸਿੰਘ ਕਰਦੇ ਹੁੰਦੇ ਸੀ। ਪਿੰਡ ਦੇ ਲੋਕਾਂ ਦੇ ਜ਼ੋਰ ਪਾਉਣ ਪਰ ਮਿਤੀ 6/1/93 ਨੂੰ ਹਰਚੰਦ ਸਿੰਘ ਨੂੰ ਛੱਡ ਦਿੱਤਾ ਗਿਆ।
5. ਹਰੀ ਸਿੰਘ ਪੁੱਤਰ ਭਾਈ ਗੁਰਦੇਵ ਸਿੰਘ ਕਾਉਕੇ ਕਲਾਂ ਨੇ ਆਪਣੇ ਭਾਈ ਰਾਮ ਸਿੰਘ ਸਮੇਤ ਆਪਣੇ ਬਿਆਨ ਤਹਰੀਰ ਕਰਾਏ ਅਤੇ ਮਿਤੀ 25/12/92 ਨੂੰ ਉਨ੍ਹਾ ਨੇ ਪਿਤਾ ਭਾਈ ਗੁਰਦੇਵ ਸਿੰਘ ਨੂੰ 200 ਬੰਦਿਆਂ ਦੇ ਸਾਹਮਣੇ ਗੁਰਮੀਤ ਸਿੰਘ ਇੰਸਪੈਕਟਰ ਆਪਣੀ ਜਿਪਸੀ ਵਿੱਚ ਸਮੇਤ ਪੁਲਿਸ ਪਾਰਟੀ ਬਿਠਾ ਕੇ ਲੈ ਗਿਆ।
6. ਰਨਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਜੱਟ ਵਾਸੀ ਕਾਉਕੇ ਨੇ ਦੱਸਿਆ ਕਿ ਥਾਣੇਦਾਰ ਹਰਬੰਸ ਸਿੰਘ ਉਸਨੂੰ ਪਿੰਡ ਕਾਉਕੇ ਤੋ ਫੜ ਕੇ ਥਾਣਾ ਜਗਰਾਓ ਲੈ ਗਿਆ ਸੀ। ਜਿੱਥੇ ਭਾਈ ਗੁਰਦੇਵ ਸਿੰਘ ਪਹਿਲਾ ਹਾਜਿ਼ਰ ਸੀ। ਜਿਸਨੇ ਆਪਣੇ ਬਿਆਨ ਵਿੱਚ ਜ਼ਾਹਿਰ ਕੀਤਾ ਹੈ ਕਿ ਭਾਈ ਗੁਰਦੇਵ ਸਿੰਘ ਕਾਉਕੇ ਨੂੰ ਪੁਲਿਸ ਜਗਰਾਓ ਨੇ ਕਾਫੀ ਕੁੱਟਿਆ ਮਾਰਿਆ ਹੈ, ਪਿੰਡ ਦੇ ਲੋਕਾਂ ਦੇ ਕਹਿਣ ਪਰ ਰਨਜੀਤ ਸਿੰਘ ਨੂੰ ਪੁਲਿਸ ਨੇ ਮਿਤੀ 9/1/93 ਨੂੰ ਰਿਹਾਅ ਕਰ ਦਿੱਤਾ। ਜੋ ਇਹ ਸੱਚਾਈ ਜ਼ਾਹਿਰ ਕਰਦਾ ਹੈ। ਤੇਜਵੰਤ ਸਿੰਘ ਗਰੇਵਾਲ ਪੁੱਤਰ ਰਛਪਾਲ ਸਿੰਘ ਅਤੇ ਜਥੇਦਾਰ ਸੁਰਜ ਸਿੰਘ ਪੁੱਤਰ ਕਾਲੜਾ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਜਦ ਭਾਈ ਗੁਰਦੇਵ ਸਿੰਘ ਨੂੰ ਜਗਰਾਓ ਪੁਲਿਸ ਨੇ ਫੜਿਆ ਸੀ ਤਾਂ ਉਸ ਵਕਤ ਇਨ੍ਹਾ ਦੋਨਾਂ ਜਥੇਦਾਰਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਸੀ। ਜੋ ਕਿ ਮਾਨ ਸਿੰਘ ਗਰੜਾ ਦੇ ਘਰ ਹਜ਼ਾਰਿ ਸੀ ਅਤੇ ਸਰਦਾਰ ਪ੍ਰਕਾਸ ਸਿੰਘ ਬਾਦਲ ਨੇ ਉਸ ਵੇਲੇ ਦੇ ਐੱਸ ਐਸ ਪੀ ਸ: ਸਵਰਨ ਸਿੰਘ ਨਾਲ ਜਗਰਾਓ ਵਿਖੈ ਟੈਲੀਫੋਨ ਪਰ ਗੱਲਬਾਤ ਕੀਤੀ ਕਿ ਭਾਈ ਗੁਰਦੇਵ ਸਿੰਘ ਬਾਹਰਲਾ ਖਾਣਾ ਨਹੀਂ ਖਾਦੇ ਅਤੇ ਇਨਹਾ ਨੂੰ ਘਰ ਦਾ ਖਾਣਾ ਅਤੇ ਕੱਪੜੇ ਬਦਲਣ ਲਈ ਦਿੱਤੇ ਜਾਣ। ਜਿਸ ਪਰ ਸਵਰਨ ਸਿੰਘ ਐਸ ਐਸ ਪੀ ਨੇ ਇਹ ਯਕੀਨ ਦਿਵਾਇਆ ਕਿ ਭਾਈ ਗੁਰਦੇਵ ਸਿੰਘ ਨੂੰ ਘਰ ਦਾ ਖਾਣਾ ਅਤੇ ਕੱਪੜੇ ਦਿੱਤੇ ਜਾਣਗੇ ਕਿਉਂਕਿ ਭਾਈ ਗੁਰਦੇਵ ਸਿੰਘ ਨੇ ਅੱਤਵਾਦੀਆਂ ਦੀ ਪੁੱਛਗਿੱਛ ਲਈ ਜਗਰਾਓ ਪੁਲਿਸ ਨੇ ਬੁਲਾਇਆ ਹੈ।
7. ਗੁਰਮੀਤ ਸਿੰਘ ਇੰਸਪੈਕਟਰ ਦੇ ਬਿਆਨ ਮੁਤਾਬਿਕ ਭਾਈ ਗੁਰਦੇਵ ਸਿੰਘ ਕਾਉਕੇ ਨੂੰ ਮਿਤੀ 2/1/93 ਨੂੰ ਮੁਕੱਦਮਾ ਨੰਬਰ 191/92 ਜ਼ੇਰ ਧਾਰਾ 302/34 ਭਾਵ ਥਾਣਾ ਜਗਰਾਓ ਵਿਖੇ ਸਵੇਰੇ 10:30 ਵਜੇ ਗ੍ਰਿਫਤਾਰ ਕੀਤਾ ਸੀ। ਗੁਰਦੇਵ ਸਿੰਘ ਦੀ ਹੱਥਕੜੀ ਦਾ ਕੁੰਡਾ ਤਰਸੇਮ ਸਿੰਘ ਸਿਪਾਹੀ 262/ਜਗਰਾਓ ਦੀ ਬੈਲਟ ਵਿੱਚ ਪਾ ਦਿੱਤਾ ਸੀ। ਬੈਲਟ ਪ੍ਰਾਈਵੇਟ ਸੀ। ਤਰਸੇਮ ਸਿੰਘ ਸਿਪਾਹੀ 262 ਅਤੇ ਗੁਲਜ਼ਾਰ ਸਿੰਘ ਥਾਣੇਦਾਰ 383/ਪੀ.ਆਰ ਜੰਗੀਰ ਸਿੰਘ ਥਾਣੇਦਾਰ 1375/ਜਗਰਾਓ ਦੇ ਬਿਆਨ ਵਿੱਚ ਆਇਆ ਹੈ ਕਿ ਤਰਸੇਮ ਸਿੰਘ ਨੇ ਪ੍ਰਾਈਵੇਟ ਬੈਲਟ ਲਾਈ ਹੋਈ ਸੀ। ਗੁਰਮੀਤ ਸਿੰਘ ਇੰਸਪੈਕਟਰ ਦੇ ਬਿਆਨਾ ਵਿੱਚ ਵੀ ਬੈਲਟ ਪ੍ਰਾਈਵੇਟ ਦੱਸੀ ਹੈ। ਗੁਰਤੇਜ ਸਿੰਘ ਨੰਬਰ 628/ਜਗਰਾਓ ਤਾਇਨਾਤ ਵਰਦੀ ਸੁਨਾਮ ਨੇ ਬਿਆਨ ਵਿੱਚ ਜ਼ਾਹਿਰ ਕੀਤਾ ਹੈ ਕਿ ਸਿਪਾਹੀ ਤਰਸੇਮ ਸਿੰਘ ਨੰਬਰ 262 ਨੇ ਉਸ ਵਕਤ ਸਰਕਾਰੀ ਬੈਲਟ ਲਗਾਈ ਹੋਈ ਸੀ, ਕਿਉਂਕਿ ਤਰਸੇਮ ਸਿੰਘ 262 ਨੇ ਜਦ ਨਵੀਂ ਬੈਲਟ ਲਈ ਅਰਜ਼ੀ ਜਾਰੀ ਕਰਵਾਈ ਤਾਂ ਉਸ ਵਕਤ ਆਪਣੀ ਲਿਖਤੀ ਦਰਖਾਸਤ ਵਿੱਚ ਲਿਖਿਆ ਕਿ ਜਦੋਂ ਗੁਰਦੇਵ ਸਿੰਘ ਕਾਉਂਕੇ ਪੁਲਿਸ ਹਿਰਾਸਤ ਕੰਨੀਆ ਤੋਂ ਭੱਜਿਆ ਤਾਂ ਉਸਦੀ ਸਰਕਾਰੀ ਬੈਲਟ ਟੁੱਟ ਗਈ। ਮੁੱਖ ਮੁਨਸ਼ੀ ਅਮਰਜੀਤ ਸਿੰਘ 157 ਥਾਣਾ ਸਿਧਵਾਂ ਬੇਟ ਨੇ ਆਪਣੇ ਵਿੱਚ ਤਹਰੀਰ ਕਰਵਾਇਆ ਕਿ ਜੋ ਬੈਲਟ ਤਰਸੇਮ ਸਿੰਘ ਦੀ ਗੁਰਦੇਵ ਸਿੰਘ ਕਾਉਕੇ ਕਲਾਂ ਦੇ ਪੁਲਿਸ ਹਿਰਾਸਤ ਵਿੱਚ ਭੱਜਣ ਵਕਤ ਟੁੱਟੀ ਸੀ, ਥਾਣੇ ਦੇ ਰਿਕਾਰਡ ਰਜਿਸਟਰ ਨੰਬਰ 19 ਵਿੱਚ ਦਰਜ ਹੈ, ਜੋ ਸਰਕਾਰੀ ਹੈ।
8. ਨਿਰਮਲ ਸਿੰਘ ਸਾਬਕਾ ਫੌਜੀ ਨੇ ਆਪਣੇ ਬਿਆਨ ਵਿੱਚ ਜ਼ਾਹਿਰ ਕੀਤਾ ਹੈ ਕਿ ਮਿਤੀ 25/12/92 ਨੁੰ ਅਸੀਂ ਗੁਰਦੁਆਰਾ ਵਿੱਚ ਕਥਾ ਸੁਨਣ ਲਈ ਗਏ ਸੀ, ਜਿਵੇ ਕਿ ਭਾਈ ਗੁਰਦੇਵ ਸਿੰਘ ਨੇ ਕਥਾ ਕੀਤੀ ਅਤੇ ਕਥਾ ਕਰਨ ਤੋਂ ਬਾਅਦ ਭਾਈ ਗੁਰਦੇਵ ਸਿੰਘ ਆਪਣੇ ਘਰ ਗਏ ਅਤੇ ਨਿਰਮਲ ਸਿੰਘ ਨੇ ਆਪਣੇ ਬਿਆਨ ਵਿੱਚ 11 ਹੋਰ ਵਿਅਕਤੀਆਂ ਦੇ ਨਾਲ ਸਹਿਮਤ ਹੋ ਕੇ ਇਹ ਕਿਹਾ ਕਿ ਉਸ ਦਿਨ ਸਾਡੇ ਪਿੰਤ ਵਿੱਚ ਕੋਈ ਵੀ ਪੁਲਿਸ ਪਾਰਟੀ ਨਹੀਂ ਆਈ। ਪਿੰਡ ਕਾਉਕੇ ਕਲਾਂ ਬਹੁਤ ਹੀ ਵੱਡਾ ਪਿੰਡ ਹੈ। ਇਸ ਪਿੰਡ ਵਿੱਚ ਕਾਫ਼ੀ ਪੱਤੀਆਂ ਹਨ, ਆਬਾਦੀ ਜਿਆਦਾ ਹੈ। ਜਿਹੜੇ 11 ਬੰਦਿਆਂ ਨੇ ਨਿਰਮਲ ਸਿੰਘ ਨਾਲ ਬਿਆਨ ਦਿੱਤੇ ਹਨ, ਉਹ ਬਾਦਾ ਪੱਤੀ ਕਾਉਕੇ ਦੇ ਨਹੀਂ ਹਨ, ਜਿੱਥੇ ਗੁਰਦੇਵ ਸਿੰਘ ਕਾਉਕੇ ਦਾ ਘਰ ਹੈ, ਨਿਰਮਲ ਸਿੰਘ ਸਾਬਕਾ ਫੌਜੀ ਦੇ ਬਿਆਨ ‘ਤੇ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਸ ਦਿਨ ਕਾਉਕੇ ਵਿੱਚ ਪੁਲਿਸ ਪਾਰਟੀ ਨਹੀਂ ਆਈ ਹੈ।
9. ਮਿਤੀ 2/1/93 ਨੂੰ ਸੀ.ਆਈ.ਏ ਜਗਰਾਓ ਅਤੇ ਥਾਣਾ ਜਗਰਾਓ ਵਿਖੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਰੰਟ ਅਫਸਰ ਨੇ ਰੇਡ ਕੀਤੀ ਸੀ ਪਰ ਭਾਈ ਗੁਰਦੇਵ ਸਿੰਘ ਨਹੀਂ ਮਿਲਿਆ। ਸੀ ਆਈ ਏ ਸਟਾਫ ਵਿੱਚ ਹਾਜਿ਼ਰ ਇੰਸਪੈਕਟਰ ਅਜੀਤ ਸਿੰਘ ਵਰੰਟ ਅਫਸਰ ਪਾਸ ਬਿਆਨ ਦਿੱਤਾ ਕਿ ਸੀ ਆਈ ਏ ਸਟਾਫ ਵਿੱਚ ਹੈ, ਜੋ ਨਹੀਂ ਹੁੰਦਾ, ਜੋ ਇੰਸਪੈਕਟਰ ਸਰਾਸਰ ਝੂਠ ਬੋਲਿਆ।
10. ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸ: ਸਵਰਨ ਸਿੰਘ ਐਸ ਐਸ ਪੀ ਅਤੇ ਗੁਰਮੀਤ ਸਿੰਘ ਇੰਸਪੈਕਟਰ ਐਸ.ਐੱਚ.ਓ. ਨੇ ਯਕੀਨ ਦਿਵਾਇਆ ਕਿ ਭਾਈ ਗੁਰਦੇਵ ਸਿੰਘ ਕਾਉਕੇ ਦੀ ਤਲਾਸ਼ ਲਈ ਐਸ.ਪੀ.ਡੀ. ਜਗਰਾਓ ਪੜਤਾਲ ਕਰਨਗੇ ਪਰ ਕਿਸੇ ਵੀ ਐਸ.ਐਸ.ਪੀ. ਨੇ ਇਸ ਬਾਰੇ ਐਸ.ਪੀ.ਡੀ. ਨੂੰ ਕੋਈ ਹੁਕਮ ਨਹੀਂ ਦਿੱਤਾ ਅਤੇ ਨਾ ਹੀ ਪੜਤਾਲ ਕਰਵਾਈ ਹੈ। ਬਲਵੀਰ ਕੁਮਾਰ ਬਾਵਾ ਐੱਸ.ਪੀ.ਡੀ. ਜਗਰਾਓ ਨੇ ਇਸ ਸਬੰਧ ਵਿੱਚ ਕੋਈ ਵੀ ਇਨਕੁਆਰੀ ਨਹੀਂ ਕੀਤੀ ਬਲਕਿ ਆਪਣੇ ਬਿਆਨ ਵਿੱਚ ਜ਼ਾਹਿਰ ਕੀਤਾ ਹੈ ਕਿ ਮੇਰੇ ਰੀਡਰ ਨੇ ਜਿਮਨੀਆ ਤਿਆਰ ਕਰਕੇ ਮੇਰੇ ਦਸਖਤ ਕਰਵਾ ਲਏ ਸੀ। ਗੁਰਦੇਵ ਸਿੰਘ ਕਾਉਕੇ ਦੀ ਪੜਤਾਲ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਫਸਰ ਨੂੰ ਨਹੀਂ ਭੇਜੀ। ਮੌਕੇ ਦੇ ਐਸ.ਪੀ.ਡੀ ਸ: ਹਰਨੇਕ ਸਿੰਘ ਦਾ ਬਤੌਰ ਐਸ ਪੀ ਡੀ ਮੌਕੇ ਪਰ ਜਾਣ ਦਾ ਫਰਜ਼ ਬਣਦਾ ਸੀ। ਸ਼੍ਰੀ ਹਰਨੇਕ ਸਿੰਘ ਦੇ ਬਿਆਨ ਦੇ ਮੁਤਾਬਿਕ ਐਸ.ਐਸ.ਪੀ. ਸਵਰਨ ਸਿੰਘ ਨੇ ਉਨ੍ਹਾ ਐਸ.ਪੀ. ਉਪਰੇਸ਼ਨ ਨੂੰ ਸਿਰਫ ਪਿੰਡ ਵਿੱਚ ਅੱਤਵਾਦੀਆਂ ਬਾਰੇ ਤਲਾਸ਼ੀ ਲੈਣ ਲਈ ਭੇਜਿਆ ਸੀ।
11. ਸਿਪਾਹੀ ਤਰਸੇਮ ਸਿੰਘ ਨੂੰ ਮਿਤੀ 3/7/93 ਨੂੰ ਗੁਰਦੇਵ ਸਿੰਘ ਕਾਉਕੇ ਦੇ ਪੁਲਿਸ ਹਿਰਾਸਤਾ ਵਿੱਚੋਂ ਭੱਜਣ ਸਬੰਧੀ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸਦੀ ਇਨਕੁਆਰੀ ਸ: ਪ੍ਰਿਤਪਾਲ ਸਿੰਘ ਡੀ.ਐਸ.ਪੀ./ਐੱਸ ਜਗਰਾਓ ਨੇ ਕੀਤੀ ਅਤੇ ਸਿਪਾਹੀ ਤਰਸੇਮ ਸਿੰਘ ਦੀ ਇਨਕੁਆਰੀ ਦੇ ਵਿੱਚ ਉਸਨੂੰ ਕੋਈ ਦੋਸ਼ ਪੱਤਰ ਨਹੀਂ ਦਿੱਤਾ ਬਲਕਿ ਗੁਰਮੀਤ ਸਿੰਘ ਇੰਸਪੈਕਟਰ ਐਸ ਐੱਚ ਓ ਜਗਰਾਓ ਦਾ ਬਿਆਨ ਲਿਖ ਕੇ ਇਨਕੁਆਰੀ ਮੁਅੱਤਲ ਕਰਨ ਦੀ ਸਿਫਾਰਿਸ਼ ਕੀਤੀ, ਜਿਸ ਪਰ ਉਸ ਵਕਤ ਦੇ ਐਸ.ਐਸ.ਪੀ. ਸ: ਹਰਿੰਦਰ ਸਿੰਘ ਚਾਹਲ ਨੇ ਇਨਕੁਆਰੀ ਦਰਖਾਸਤ ਦਾਖਿਲ ਕਰ ਦਿੱਤੀ। ਜਦੋਂ ਕਿ ਤਰਸੇਮ ਸਿੰਘ 262 ਦੇ ਖਿਲਾਫ਼ ਚੰਗੀ ਤਰ੍ਹਾ ਇਨਕੁਆਰੀ ਕਰਕੇ ਸਜ਼ਾ ਦੇਣ ਦਾ ਫਰਜ਼ ਮੰਨਦਾ ਸੀ। ਇਸ ਤੋ ਬਾਅਦ ਸਿਪਾਹੀ ਤਰਸੇਮ ਸਿੰਘ 262 ਦੀ ਹੌਸਲਾ ਅਫ਼ਜਾਈ ਕਰਨ ਲਈ ਉਸ ਵਕਤ ਦੇ ਐੱਸ.ਐੱਸ.ਪੀ. ਹਰਿੰਦਰ ਸਿੰਘ ਚਾਹਲ ਨੇ ਸੀ-2 ਦੀ ਸਿਫਾਰਸ਼ ਕਰ ਦਿੱਤੀ ਅਤੇ ਉਸ ਵਕਤ ਦੇ ਡੀ.ਆਈ.ਜੀ. ਲੁਧਿਆਣਾ ਰੇਜ ਸ਼੍ਰੀ ਰਾਜਨ ਗੁਪਤਾ ਨੇ ਸਿਪਾਹੀ ਤਰਸੇਮ ਸਿੰਘ 262 ਨੂੰ ਫਿਰ ਹੌਂਸਲਾ ਅਫਜਾਈ ਕਰਨ ਲਈ ਉਸ ਵਕਤ ਦੇ ਐਸ.ਐਸ.ਪੀ. ਸ਼੍ਰੀ ਜਗਦੀਸ਼ ਕੁਮਾਰ ਨੇ ਆਊਟ ਆਫ਼ ਟਰਨ ਹਵਾਲਦਾਰ ਬਣਾਉਣ ਦੀ ਸਿਫਾਰਸ਼ ਕਰ ਦਿੱਤੀ ਅਤੇ ਉਸ ਵਕਤ ਦੇ ਡੀ.ਆਈ.ਜੀ. ਲੁਧਿਆਣਾ ਰੇਜ ਸ਼੍ਰੀ ਸ਼ਸੀ ਕਾਂਤ ਨੇ ਜਗਰਾਓ ਦੇ 28 ਸੀ-2 ਸਿਪਾਹੀਆਂ ਨੂੰ ਛੱਡ ਕੇ ਸਿਪਾਹੀ ਤਰਸੇਮ ਸਿੰਘ ਸੀ-2 262 ਨੂੰ ਐਡਹਾਕ ਹਵਾਲਦਾਰ ਬਣਾ ਦਿੱਤਾ।
12. ਮਿਤੀ 2/1/93 ਨੂੰ ਕੰਨੀਆ ਦੇ ਕੋਲ ਜਦ ਗੁਰਦੇਵ ਸਿੰਘ ਕਾਉਕੇ ਨੂੰ ਲੁਧਿਆਣਾ ਦੀ ਬਰਾਮਦਗੀ ਲਈ ਪੁਲਿਸ ਪਾਰਟੀ ਲੈ ਜਾ ਰਹੀ ਸੀ ਤਾਂ ਅੱਤਵਾਦੀਆਂ ਨੇ ਪੁਲਿਸ ਪਰ ਫਾਇਰ ਕਰਕੇ ਗੁਰਦੇਵ ਸਿੰਘ ਕਾਉਕੇ ਨੂੰ ਪੁਲਿਸ ਹਿਰਾਸਤ ਵਿੱਚੋ ਛੁਡਾ ਲਿਆ, ਇਸ ਪਰ ਇੰਸਪੈਕਟਰ ਗੁਰਮੀਤ ਸਿੰਘ ਨੇ ਵਾਇਰਲੈਸ ਪਰ ਜਿ਼ਲ੍ਹਾ ਦੇ ਸਾਰੇ ਅਫਸਰਾਂ ਨੂੰ ਇਤਲਾਹ ਦਿੱਤੀ, ਮੌਕੇ ਦੇ ਡੀ.ਐੱਸ.ਪੀ. ਕੰਵਰਜੀਤ ਸਿੰਘ ਹਲਕਾ ਅਫਸਰ ਜਗਰਾਓ ਅਤੇ ਜੋਗਿੰਦਰ ਸਿੰਘ ਮੁੱਖ ਥਾਣਾ ਅਫਸਰ ਸਿੱਧਵਾਂ ਬੇਟ ਮੌਕੇ ‘ਤੇ ਆ ਗਏ, ਇਸ ਪਰ ਮੁਕੱਦਮਾ ਨੰਬਰ 1 ਮਿਤੀ 2-1-93 ਅਧੀਨ ਧਾਰਾ 307/34/224 ਆਈ.ਪੀ.ਸੀ. 25 ਆਫਸਰ ਐਕਟ, ਪੀ.ਐਸ ਸਿਧਵਾਂ ਬੇਟ ਦਰਜ ਰਜਿਸਟਰ ਕੀਤਾ ਗਿਆ। ਸ: ਜੋਗਿੰਦਰ ਸਿੰਘ ਐਸ.ਐੱਚ.ਓ ਸਿਧਵਾਂ ਬੇਟ ਨੇ ਆਪਣੀ ਜਿ਼ਮਨੀ ਵਿੱਚ ਲਿਖਿਆ ਕਿ ਸ: ਕੰਵਰਜੀਤ ਸਿੰਘ ਡੀ.ਐਸ.ਪੀ ਹਲਕਾ ਅਫਸਰ ਜਗਰਾਓ ਮੌਕਾ ‘ਤੇ ਹਾਜਿ਼ਰ ਹੋ ਗਏ ਅਤੇ ਪੁਲਿਸ ਪਾਰਟੀਆਂ ਨੂੰ ਸਬ ਹਦਾਇਤਾਂ ਕੀਤੀਆਂ ਹਨ ਅਤੇ ਗੁਰਮੀਤ ਸਿੰਘ ਇੰਸਪੈਕਟਰ ਐੱਸ.ਐੱਚ.ਓ. ਜਗਰਾਓ ਸਿਪਾਹੀ ਤਰਸੇਮ ਸਿੰਘ ਨੰਬਰ 262 ਗੁਲਜ਼ਾਰ ਸਿੰਘ ਐੱਸ.ਆਈ. 383 ਪੀ.ਆਰ.ਪੀ.ਪੀ. ਹਠੂਰ ਸਿੰਘ, ਜੰਗੀਰ ਸਿੰਘ ਐੱਸ.ਆਈ., 1373 ਜਗਰਾਓ, ਤੇਜਾ ਸਿੰਘ ਏ.ਐੱਸ.ਆਈ. ਜਗਰਾਓ, ਪ੍ਰੀਤਮ ਸਿੰਘ ਏ.ਐੱਸ.ਆਈ. 67/ਸੰਗਰੂਰ ਪੀ.ਐਸ. ਸਿਧਵਾਂ ਬੇਟ, ਜੋਗਾ ਸਿੰਘ ਹਵਾਲਦਾਰ 348 ਜਗਰਾਓ, ਜਗਜੀਤ ਸਿੰਘ ਏ.ਐੱਸ.ਆਈ 304 ਜਗਰਾਓ ਅਤੇ ਹੋਰ ਹਾਜਿ਼ਰ ਸ਼ਾਮਿਲ ਪਾਰਟੀ ਹੋਮ ਗਾਰਡਜ਼ ਅਤੇ ਐਸ.ਪੀ.ਓ ਮੁਲਾਜ਼ਮਾਂ ਨੇ ਵੀ ਇਹ ਜ਼ਾਹਿਰ ਕੀਤਾ ਕਿ ਕੰਵਰਜੀਤ ਸਿੰਘ ਡੀ.ਐੱਸ.ਪੀ. ਹਲਕਾ ਜਗਰਾਓ ਮੌਕੇ ਪਰ ਕੰਨੀਆ ਹਾਜਿ਼ਰ ਆ ਗਏ ਸੀ ਅਤੇ ਡੀ.ਐੱਸ.ਪੀ. ਸਾਹਿਬ ਦੀ ਜੀਪ ਦੀ ਲਾਗ ਬੁੱਕ ਮਿਤੀ 2-1-93 ਨੂੰ ਟੂਰ ਪ੍ਰੋਗਰਾਮ ਵਿੱਚ ਵੀ ਇਹ ਜ਼ਾਹਿਰ ਹੈ ਕਿ ਕੰਵਰਜੀਤ ਸਿੰਘ ਡੀ.ਐੱਸ.ਪੀ. ਮੌਕਾ ਪਰ ਗਏ ਸਨ ਪਰ ਕੰਵਰਜੀਤ ਸਿੰਘ ਡੀ.ਐੱਸ.ਪੀ. ਨੇ ਆਪਣੇ ਬਿਆਨ ਵਿੱਚ ਸਾਫ਼ ਮੁੱਕਰ ਗਏ ਹਨ ਕਿ ਮੈ ਮੌਕੇ ‘ਤੇ ਪਿੰਡ ਕੰਨੀਆ ਨਹੀਂ ਗਿਆ। ਕੰਵਰਜੀਤ ਸਿੰਘ ਡੀ.ਐੱਸ.ਪੀ. ਦੇ ਬਿਆਨ ਮੰਨਣ ਯੋਗ ਨਹੀਂ ਲੱਗਦੇ।
ਸਿੱਟਾ :-
ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਸਾਬਿਤ ਹੁੰਦਾ ਹੈ ਕਿ 23/12/92 ਨੂੰ ਉਸ ਵਕਤ ਦੇ ਇੰਸਪੈਕਟਰ ਗੁਰਮੀਤ ਸਿੰਘ ਐੱਸ.ਐੱਚ.ਓ. ਜਗਰਾਓ ਤੇ ਹੁਣ ਡੀ.ਐੱਸ.ਪੀ. ਅਮਲੋਹ ਪੁਲਿਸ ਪਾਰਟੀ ਸਮੇਤ ਭਾਈ ਗੁਰਦੇਵ ਸਿੰਘ ਕਾਉਕੇ ਨੂੰ ਉਸ ਦੇ ਘਰੋ ਲਿਆਇਆ ਜੋ ਕਿ ਮੁੜ ਕੇ ਵਾਪਿਸ ਨਹੀਂ ਆਇਆ। ਪੁਲਿਸ ਦਾ ਇਸ ਗੱਲ ਦਾ ਖੰਡਨ ਕਰਨਾ ਮੰਨਣਯੋਗ ਨਹੀਂ ਹੈ ਅਤੇ ਨਾ ਹੀ ਪੁਲਿਸ ਦਾ ਇਹ ਕਹਿਣਾ ਮੰਨਣਯੋਗ ਹੈ ਕਿ 2-1-93 ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਅਤੇ ਪਿੰਡ ਕੰਨੀਆ ਦੇ ਹੱਦ ਵਿੱਚ ਅੱਤਵਾਦੀਆਂ ਦੀ ਪੁਲਿਸ ‘ਤੇ ਫਾਇਰਿੰਗ ਦੌਰਾਨ ਉਹ ਬੈਲਟ ਤੋੜ ਕੇ ਭੱਜ ਗਿਆ। ਇਸ ਗੱਲ ਤੇ ਕੋਈ ਸਬੂਤ ਸਾਹਮਣੇ ਨਹੀਂ ਆਇਆ ਕਿ ਭਾਈ ਗੁਰਦੇਵ ਸਿੰਘ ਕਾਉਕੇ ਨੂੰ ਪੁਲਿਸ ਨੇ ਮਾਰ-ਕੁੱਟ ਕੇ ਮਾਰ ਦਿੱਤਾ। ਮਾਰ-ਕੁੱਟ ਦੇ ਜਿਹੜੇ ਗਵਾਹ ਲੱਭੇ ਉਨ੍ਹਾ ਵਿੱਚੋਂ ਇੱਕ ਸਾਬਕਾ ਸਿਪਾਹੀ ਦਰਸ਼ਨ ਸਿੰਘ ਹੈ ਜਿਸਨੇ ਹਿਊਮਨ ਰੲਾਟਿਸ ਦੇ ਸਾਹਮਣੇ ਬਿਆਨਾਂ ਅਤੇ ਸਾਡੇ ਸਾਹਮਣੇ ਬਿਆਨਾਂ ਵਿੱਚ ਕਾਫ਼ੀ ਫਰਕ ਹੈ ਅਤੇ ਨਾਲ ਹੀ ਜਿਹਨਾ ਹੋਰ ਵਿਅਕਤੀਆਂ ਦਾ ਇਹ ਕਹਿਣਾ ਹੈ ਕਿ ਉਨ੍ਹਾ ਦੇ ਸਾਹਮਣੇ ਮਾਰਕੁਟਾਈ ਹੋਈ ਹੈ। ਉਸ ਵਕਤ ਦੇ ਕਿਸੀ ਅਫਸਰ ਨੂੰ ਇਸ ਗੈਰ ਕਾਨੂੰਨੀ ਹਰਕਤ ਬਾਰੇ ਕਿਸੀ ਨੇ ਨਾ ਤਾਂ ਦਰਖਾਸਤ ਦਿੱਤੀ ਅਤੇ ਨਾ ਹੀ ਕੋਈ ਡਾਕਟਰੀ ਮੁਆਨਾ ਕਰਾਇਆ। ਲੱਗਦਾ ਹੈ ਕਿ ਉਨ੍ਹਾ ਦੀ ਕਹਾਣੀ ‘ਤੇ ਯਕੀਨ ਕਰਨਾ ਉਚਿੱਤ ਨਹੀਂ ਹੋਵੇਗਾ। ਸਾਬਕਾ ਸਿਪਾਹੀ ਦਰਸ਼ਨ ਸਿੰਘ ਨੇ ਹਿਊਮਨ ਰਾਈਟਸ ਦੇ ਸਾਹਮਣੇ ਬਿਆਨ ਦਿੱਤਾ ਸੀ ਕਿ ਉਸਦੇ ਸਾਹਮਣੇ ਉਹ ਸੀ.ਆਈ.ਏ. ਸਟਾਫ ਵਿੱਚ ਭੁੱਕੀ ਲਿਆ ਕੇ ਲੋਕਾਂ ਨੂੰ ਦਿੰਦਾ ਰਿਹਾ ਅਤੇ ਇਸ ਕਰਕੇ ਉਹ ਸੀ.ਆਈ.ਏ. ਸਟਾਫ ਵਿੱਚ ਜਦੋ ਗਿਆ ਸੀ ਤਾਂ ਭਾਈ ਗੁਰਦੇਵ ਸਿੰਘ ਕਾਉਕੇ ਦੇਖਿਆ ਸੀ। ਬਾਅਦ ਵਿੱਚ ਉਨ੍ਹਾ ਨੇ ਆਪਣਾ ਬਿਆਨ ਬਦਲ ਲਿਆ, ਇਸ ਵਕਤ ਨਾ ਹੀ ਕੋਈ ਬਰਾਮਦਗੀ ਹੋ ਸਕਦੀ ਹੈ ਅਤੇ ਨਾ ਹੀ ਕੋਈ ਸਬੂਤ ਹੈ ਅਤੇ ਨਾ ਹੀ ਉਸਦੇ ਬਿਆਨ ‘ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਸਾਰੇ ਬਿਆਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਨਜ਼ਾਇਜ ਤੌਰ ‘ਤੇ ਭਾਈ ਗੁਰਦੇਵ ਸਿੰਘ ਕਾਉਕੇ ਪੁਲਿਸ ਦੀ ਹਿਰਾਸਤ ਵਿੱਚ ਰੱਖ ਕੇ ਝੂਠਾ ਮੁਕੱਦਮਾ ਬਣਾਉਣ ਦੀ ਕਹਾਣੀ ਸਾਰੇ ਛੋਟੇ ਤੇ ਵੱਡੇ ਅਫਸਰਾਂ ਨੂੰ ਪਤਾ ਸੀ ਪਰ ਉਸ ਵਕਤ ਦੀ ਪੁਲਿਸ ਦਾ ਜੋ ਮਾਹੌਲ ਸੀ, ਉਸ ਤੋ ਜ਼ਾਹਿਰ ਹੁੰਦਾ ਹੈ ਕਿ ਪੁਲਿਸ ਅਫਸਰ ਜਾ ਤਾਂ ਜਿਮਨੀਆਂ ਲਿਖਦੇ ਹੀ ਨਹੀਂ ਜਾਂ ਰੀਡਰ ਦੀ ਲਿਖੀ ਹੋਈ ਜਿ਼ਮਨੀ ਬਿਨ੍ਹਾ ਪੜ੍ਹੇ ਦਸਖਤ ਕਰਦੇ ਰਹੇ ਹਨ। ਪਰ ਇਹ ਇੱਕ ਵਿਭਾਗੀ ਦੁਰਾਚਾਰ ((Departmental Misconduct) ਹੈ। ਇਸ ਵਿਭਾਗੀ ਦੁਰਾਚਾਰ ਨੂੰ ਕ੍ਰੀਮੀਨਲ ਮਿਸਕਨਡੱਕਟ ਕਹਿਣਾ ਉਚਿੱਤ ਨਹੀਂ ਹੋਵੇਗਾ। ਕੁਝ ਅਫਸਰ ਡਰਦੇ ਮਾਰੇ ਝੂਠ ਬੋਲ ਰਹੇ ਹਨ। ਹੋਮਗਾਰਡ ਦੇ ਜਵਾਨਾਂ ਅਤੇ ਐੱਸ.ਪੀ.ਓ ਨੂੰ ਥਰੀਹ ਨਟ ਦੀ ਰਾਈਫ਼ਲ ਦੇਣਾ, ਜਿਸ ਸਿਪਾਹੀ ਤੋ ਇੱਕ ਮੁਜ਼ਰਿਮ ਭੱਜ ਗਿਆ ਹੋਵੇ, ਉਸਨੂੰ ਰਸਮੀ ਤੌਰ ‘ਤੇ ਮੁਅੱਤਲ ਕਰਕੇ ਇੱਕ ਤਰਫੀ ਵਿਭਾਗੀ ਕਾਰਵਾਈ ਕਰਵਾ ਕੇ ਮਾਮਲਾ ਠੱਪ ਕਰਨਾ ਅਤੇ ਸੀ-2 ਦਿਵਾ ਕੇ ਉਸ ਤੋ 28 ਸੀਨੀਅਰ ਮੁਲਾਜ਼ਮਾਂ ਨੂੰ ਨਜ਼ਰ ਅੰਦਾਜ਼ ਕਰਕੇ ਉਸਨੂੰ ਤਰੱਕੀ ਦੇਣਾ ਇਹ ਜ਼ਾਹਿਰ ਕਰਦਾ ਹੈ ਕਿ ਪੁਲਿਸ ਦੇ ਕੰਮ ਕਾਜ ‘ਤੇ ਕੋਈ ਰਫੀਅਤ/ਦਾਇਰ ਨਹੀਂ ਦੇਖੇ ਗਏ ਅਤੇ ਨਾਲ ਹੀ ਇਸ ਗੱਲ ਨੂੰ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ ਕਿ ਉਸ ਵਕਤ ਦੇ ਪੰਜਾਬ ਪੁਲਿਸ ਦੇ ਮੁੱਖੀ ਸ਼੍ਰੀ ਕੇ.ਪੀ.ਐੱਸ. ਗਿੱਲ ਸਨ, ਜਿਨ੍ਹਾ ਨੂੰ 60 ਸਾਲ ਹੋਣ ਤੋ ਬਾਅਦ ਵੀ ਸਾਰੇ ਰੂਲਾਂ ਦੀ ਉਲੰਘਣਾ ਕਰਕੇ ਕੇਂਦਰੀ ਸਰਕਾਰ ਅਤੇ ਪੰਜਾਬ ਸਰਕਾਰ ਨੇ “ਅਗਲੇ ਹੁਕਮਾਂ ਤੱਕ” ਜਿਹੜਾ ਕਿ ਇੱਕ ਸਾਲ ਦਾ ਸਮਾਂ ਡੀ.ਜੀ.ਪੀ. ਦੇ ਅਹੁਦੇ ਤੇ ਰਹਿਣ ਦਾ ਦਿੱਤਾ ਗਿਆ। ਇਹੋ ਜਿਹੇ ਹਾਲਾਤ ਵਿੱਚ ਛੋਟੇ ਪੁਲਿਸ ਅਧਿਕਾਰੀਆਂ ਨੇ ਉਸੇ ਤਰ੍ਹਾ ਚੱਲਣਾ ਸੀ ਜਿਸ ਤਰ੍ਹਾ ਸ਼੍ਰੀ ਗਿੱਲ ਚਾਹੁੰਦੇ ਸਨ। ਨਾ ਮਾਲੂਮ ਕਿੰਨੇ ਮੁਲਾਜ਼ਮ ਇਹੋ ਜਿਹੇ ਉੱਚੇ ਅਹੁਦੇ ‘ਤੇ ਔਨ ਰੈਕਡ ਪੇ (Own Ranked Pay) ਦੇ ਆਧਾਰ ‘ਤੇ ਕੰਮ ਕਰਦੇ ਰਹੇ ਅਤੇ ਉਨ੍ਹਾ ਦੀ ਮਰਜ਼ੀ ਦੇ ਖਿਲਾਫ਼ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਸੀ। ਜਿਸ ਤਰ੍ਹਾ 28 ਸੀਨੀਅਰ ਮੁਲਾਜ਼ਮਾਂ ਨੂੰ ਨਜ਼ਰ ਅੰਦਾਜ ਕਰਕੇ ਸਜ਼ਾ ਦੇਣ ਦੇ ਦੋ-ਦੋ ਐੱਸ.ਐੱਸ.ਪੀ ਅਤੇ ਦੋ-ਦੋ ਡੀ.ਆਈ.ਜੀ. ਨੇ ਸਿਪਾਹੀ ਤਰਸੇਮ ਸਿੰਘ ਨੂੰ ਹੌਲਦਾਰ ਬਣਾਇਆ, ਇਹ ਵੀ ਸ਼੍ਰੀ ਕੇਪੀਐਸ ਗਿੱਲ ਦੇ ਉਨ੍ਹਾ ਨਿਯਮਾਂ ਦੀ ਉਲੰਘਣਾ ਦਾ ਹੀ ਹਿੱਸਾ ਜਾਪਦਾ ਹੈ ਅਤੇ ਭਾਈ ਗੁਰਦੇਵ ਸਿੰਘ ਕਾਉਕੇ ਦੀ ਮੌਤ ਬਾਰੇ ਪੂਰੇ ਪੰਜਾਬ ਵਿੱਚ ਜਿੰਨਾ ਸ਼ੋਰ ਸ਼ਰਾਬਾ ਮਚਿਆ ਸੀ, ਸ਼੍ਰੀ ਕੇਪੀਐਸ ਗਿੱਲ ਨੂੰ ਜਾਣਕਾਰੀ ਰਹੀ ਹੋਵੇਗੀ ਅਤੇ ਇੱਕ ਦਿਨ ਦੇ ਅੰਦਰ ਜਗਰਾਓ ਪੁਲਿਸ ਜਿ਼ਲੇ ਦੇ ਐਸ.ਐਸ.ਪੀ., ਐਸ.ਪੀ.ਡੀ., ਡੀ.ਐੱਸ.ਪੀ. ਬਦਲ ਦਿੱਤੇ ਗਏ। ਜਿਸ ਕਰਕੇ ਲੋਕਾਂ ਵਿੱਚ ਇੱਕ ਹੋ ਸ਼ੱਕ ਹੋਇਆ ਕਿ ਭਾਈ ਗੁਰਦੇਵ ਸਿੰਘ ਕਾਉਕੇ ਨੂੰ ਪੁਲਿਸ ਨੇ ਮਾਰ ਕੇ ਉਥੋ ਦੇ ਵੱਡੇ ਅਫਸਰਾਂ ਨੂੰ ਬਦਲ ਕੇ ਨਵੇਂ ਅਫਸਰ ਲਗਾ ਦਿੱਤੇ ਹਨ। ਹਾਈਕੋਰਟ ਵਿੱਚ ਸਰਕਾਰੀ ਵਕੀਲ ਤੋ ਇਹ ਕਹਿਲਾਇਆ ਗਿਆ ਕਿ ਐਸ.ਪੀ.ਡੀ., ਭਾਈ ਗੁਰਦੇਵ ਸਿੰਘ ਕਾਉਕੇ ਦੀ ਤਲਾਸ਼ ਕਰ ਰਹੇ ਹਨ। ਜਦੋਂ ਕਿ ਇਸ ਬਾਰੇ ਐਸ.ਪੀ.ਡੀ. ਫੌਰੀ ਤੌਰ ਤੇ ਬਦਲ ਚੁੱਕੇ ਸਨ ਅਤੇ ਨਵੇ ਐਸ.ਪੀ.ਡੀ. ਸ਼੍ਰੀ ਬਲਵੀਰ ਕੁਮਾਰ ਬਾਵਾ ਨੂੰ ਕੋਈ ਲਿਖਤੀ ਹੁਕਮ ਨਹੀਂ ਮਿਲਿਆ ਅਤੇ ਉਨ੍ਹਾ ਨੇ ਬਿਆਨ ਦਿੱਤਾ ਹੈ ਜਿਹੜੀਆਂ ਜਿ਼ਮਨੀਆਂ ਉਨ੍ਹਾ ਦੇ ਰੀਡਰ ਨੇ ਲਿਖੀਆਂ ਸਨ, ਬਿਨ੍ਹਾ ਪੜ੍ਹੇ ਹੀ ਦਸਖਤ ਕਰ ਦਿੱਤੇ ਸਨ। ਸਾਰੇ ਤੱਥਾਂ ਦੀ ਪੜਤਾਲ ਤੋਂ ਇਹ ਪਾਇਆ ਗਿਆ ਹੈ ਕਿ ਉਸ ਵਕਤ ਦੇ ਐਸ.ਐਚ.ਓ ਇੰਸਪੈਕਟਰ ਗੁਰਮੀਤ ਸਿੰਘ ਦੇ ਖਿਲਾਫ਼ ਨਜ਼ਾਇਜ ਪੁਲਿਸ ਹਿਰਾਸਤ ਵਿੱਚ ਰੱਖਣ (WrongfulConfined) ਅਤੇ ਝੂਠਾ ਰਿਕਾਰਡ ਬਣਾਇਆ (Falsification of Records) ਆਦਿ ਦੋਸ਼ਾਂ ਦੇ ਆਧਾਰ ‘ਤੇ ਮੁਕੱਦਮਾ ਦਰਜ ਕਰਨਾ ਉੱਚਿਤ ਹੋਵੇਗਾ ਅਤੇ ਸਾਬਕਾ ਫੌਜਦਾਰੀ ਬਕਾਇਦਾ ਤਫਤੀਸ ਕੀਤੀ ਜਾਵੇ। ਇਸ ਤਫਤੀਸ ਦੇ ਦੌਰਾਨ ਬਾਕੀ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਕਾਰਨਾਮਿਆਂ ਦੀ ਵੀ ਜਾਂਚ ਕੀਤੀ ਜਾਵੇ ਅਤੇ ਪੁਲਿਸ ਆਪਣੀ ਰਿਪੋਰਟ ਦਫ਼ਾ 173 ਜਾਪਤਾ ਫੋਜਦਾਰੀ ਅਦਾਲਤ ਵਿੱਚ ਪੇਸ਼ ਕਰੇ।

ਮਿਤੀ : 27/7/99
ਐੱਸ.ਡੀ. (ਬੀ.ਪੀ. ਤਿਵਾੜੀ) ਆਈ.ਪੀ.ਐੱਸ.
ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ,
ਸਕਿਉਰਟੀ, ਪੰਜਾਬ, ਚੰਡੀਗੜ੍ਹ।


 

Poll Test

Polling

ਕੀ ਸ਼ਹੀਦੀ ਦਿਹਾੜੇ ਸ਼ਹਾਦਤ ਨੂੰ ਭੁੱਲਾ ਕੇ, ਮੇਲੇ ਬਣਕੇ ਨਹੀ ਰਹਿ ਗਏ ?

Yes
No
Can't Say

View Resultਇਸ ਵੈੱਬਸਾਈਟ ਵਿਚ ਛਪੇ ਲੇਖਾਂ ਨਾਲ ਅਦਾਰਾ ਵੇਕਅੱਪ ਖਾਲਸਾ ਦਾ ਪੂਰੀ ਤਰ੍ਹਾਂ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ|
© www.wakeupkhalsa.com All Rights Reserved.

Feedback Form